ਸ਼ਰਾਬ ਪੀਣ ਤੋਂ ਰੋਕਣ ’ਤੇ ਦੋ ਧਿਰਾਂ ਭਿੜੀਆਂ, 3 ਜਖਮੀ ਸ਼ਰਾਬ ਪੀਣ ਤੋਂ ਰੋਕਣ ’ਤੇ ਦੋ ਧਿਰਾਂ ਭਿੜੀਆਂ- ਤਿੰਨ ਜਖਮੀ
Publish Date: Sun, 09 Aug 2026 06:40 PM (IST)
Updated Date: Mon, 10 Aug 2026 04:03 AM (IST)
ਔਰਤਾਂ ’ਤੇ ਵੀ ਕੀਤੇ ਵਾਰ, ਖੁੱਲ੍ਹ ਕੇ ਚੱਲੇ ਇੱਟਾਂ-ਪੱਥਰ ਤੇ ਡੰਡੇ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਥਾਣਾ ਸਨੌਰ ਅਧੀਨ ਆਉਂਦੀ ਖਾਲਸਾ ਕਾਲੋਨੀ ਵਿੱਚ 8 ਅਗਸਤ ਦੀ ਰਾਤ ਨੂੰ ਸ਼ਰਾਬ ਪੀਣ ਤੋਂ ਰੋਕਣ ਨੂੰ ਲੈ ਕੇ ਗੁਆਂਢੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਦੌਰਾਨ ਹਮਲਾਵਰਾਂ ਨੇ ਮਹਿਲਾਵਾਂ ’ਤੇ ਵੀ ਡੰਡਿਆਂ ਨਾਲ ਵਾਰ ਕੀਤੇ ਅਤੇ ਤਿੰਨ ਲੋਕਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਪਰ ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਅਗਲੇ ਦਿਨ ਐਤਵਾਰ ਨੂੰ ਪੁਲਿਸ ਮੁੜ ਜ਼ਖ਼ਮੀਆਂ ਕੋਲ ਪਹੁੰਚੀ ਪਰ ਹਾਲੇ ਤੱਕ ਜ਼ਖ਼ਮੀਆਂ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਨਹੀਂ ਕਰਵਾਏ ਸਨ। ਉੱਧਰ, ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਕਿਉਂਕਿ ਕਰੀਬ ਅੱਧੇ ਘੰਟੇ ਤੱਕ ਇਹ ਹਿੰਸਕ ਝੜਪ ਚੱਲਦੀ ਰਹੀ। ਮੌਕੇ ’ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਖਾਲਸਾ ਕਲੋਨੀ ਵਿੱਚ ਰਹਿੰਦੇ ਹਨ ਅਤੇ ਸਾਹਮਣੇ ਹੀ ਉਨ੍ਹਾਂ ਦੇ ਮਾਮੇ ਦਾ ਘਰ ਹੈ। ਮਾਮੇ ਦੇ ਘਰ ਦੇ ਨੇੜੇ ਇੱਕ ਗੁਆਂਢੀ ਘਰ ਦੇ ਬਾਹਰ ਬੈਠ ਕੇ ਸ਼ਰਾਬ ਪੀ ਰਿਹਾ ਸੀ ਅਤੇ ਗਾਲ੍ਹਾਂ ਕੱਢ ਰਿਹਾ ਸੀ। ਮਾਮੇ ਅਤੇ ਉਨ੍ਹਾਂ ਦੇ ਪੁੱਤਰ ਨੇ ਸ਼ਰਾਬ ਪੀ ਰਹੇ ਵਿਅਕਤੀਆਂ ਨੂੰ ਕਿਹਾ ਕਿ ਘਰ ਦੇ ਅੰਦਰ ਬੈਠ ਕੇ ਸ਼ਰਾਬ ਪੀਓ। ਇਹ ਸੁਣਦੇ ਹੀ ਸ਼ਰਾਬ ਪੀ ਰਹੇ ਲੋਕਾਂ ਨੇ ਪਿਛਲੀ ਗਲੀ ਵਿੱਚ ਰਹਿੰਦੇ ਆਪਣੇ ਜਾਣਕਾਰਾਂ ਨੂੰ ਫੋਨ ਕਰਕੇ ਬੁਲਾ ਲਿਆ। ਫੋਨ ਕਰਨ ਵਾਲੇ ਨੇ ਕਿਹਾ ਕਿ ਲੜਾਈ ਹੋ ਗਈ ਹੈ। ਇਸ ਤੋਂ ਬਾਅਦ ਪਿਛਲੀ ਗਲੀ ਤੋਂ 10 ਤੋਂ ਵੱਧ ਲੋਕ ਡੰਡੇ ਅਤੇ ਇੱਟਾਂ-ਪੱਥਰ ਲੈ ਕੇ ਆਏ ਅਤੇ ਆਉਂਦੇ ਹੀ ਹਮਲਾ ਕਰ ਦਿੱਤਾ। ਬਚਾਅ ਲਈ ਉਨ੍ਹਾਂ ਦੀ ਮਾਂ ਅੱਗੇ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਡੰਡਿਆਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਜਾਨ ਬਚਾਉਣ ਲਈ ਜਦੋਂ ਉਹ ਲੋਕ ਭੱਜੇ ਤਾਂ ਹਮਲਾਵਰਾਂ ਨੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪੂਰੀ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਡੱਬੀ- ਬਿਆਨ ਮਿਲਣ ’ਤੇ ਹੀ ਕਾਰਵਾਈ ਕੀਤੀ ਜਾਵੇਗੀ : ਐੱਸਐੱਚਓ ਥਾਣਾ ਸਨੌਰ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਨੇ ਹਾਲੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਹਮਲੇ ਵਿੱਚ ਜ਼ਖ਼ਮੀ ਮਹਿਲਾ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਨੇ ਫਿਲਹਾਲ ਕਾਰਵਾਈ ਨਾ ਕਰਵਾਉਣ ਦੀ ਗੱਲ ਕਹੀ ਹੈ। ਸੰਭਵ ਹੈ ਕਿ ਉਹ ਸਮਝੌਤੇ ਦੀ ਕੋਸ਼ਿਸ਼ ਕਰ ਰਹੇ ਹੋਣ। ਫਿਲਹਾਲ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਚਿਤਾਵਨੀ ਦਿੱਤੀ ਗਈ ਹੈ।