ਕੇਂਦਰੀ ਜੇਲ੍ਹ ’ਚ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ 13 ਦਿਨਾਂ ਬਾਅਦ ਮੌਤ ਕੇਂਦਰੀ ਜੇਲ੍ਹ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ 13 ਦਿਨਾਂ ਬਾਅਦ ਮੌਤ
Publish Date: Thu, 23 Jul 2026 05:00 PM (IST)
Updated Date: Fri, 24 Jul 2026 04:05 AM (IST)
- ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ ਵਧਾਈ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ਵਿੱਚ ਚੱਪਲ ਮਾਰਨ ਦੇ ਵਿਵਾਦ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਇੱਕ ਵਿਚਾਰ ਅਧੀਨ ਕੈਦੀ ਨੇ 13 ਦਿਨਾਂ ਬਾਅਦ ਹਸਪਤਾਲ ਵਿੱਚ ਦਮ ਤੋੜ ਦਿੱਤਾ। ਅਜੇ ਨਾਮ ਦੇ ਇਸ ਨੌਜਵਾਨ ਦੀ ਸੈਕਟਰ 32 ਚੰਡੀਗੜ੍ਹ ਵਿੱਚ ਇਲਾਜ ਦੌਰਾਨ 22 ਜੁਲਾਈ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ 23 ਜੁਲਾਈ ਨੂੰ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਉੱਥੇ ਹੀ ਪੁਲਿਸ ਨੇ ਇਸ ਘਟਨਾ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ ਜੋੜ ਦਿੱਤੀ ਹੈ। ਤਫ਼ਤੀਸ਼ੀ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁੱਟਮਾਰ ਦੀ ਇਹ ਘਟਨਾ 9 ਜੁਲਾਈ ਨੂੰ ਵਾਪਰੀ ਸੀ, ਜਿਸ ਵਿੱਚ ਅਜੇ ਨਾਮ ਦੇ ਨੌਜਵਾਨ ਦੀ ਮੌਤ ਹੋਈ ਹੈ, ਜੋ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। 12 ਜੁਲਾਈ ਨੂੰ ਥਾਣਾ ਤ੍ਰਿਪੜੀ ਵਿੱਚ ਦਰਜ ਐਫ.ਆਈ.ਆਰ. ਵਿੱਚ ਨਿਊ ਮਾਲਵਾ ਕਾਲੋਨੀ ਦੇ ਰਹਿਣ ਵਾਲੇ ਅਜੇ ਕੁਮਾਰ ਨੇ ਦੱਸਿਆ ਸੀ ਕਿ 9 ਜੁਲਾਈ ਦੀ ਦੁਪਹਿਰ ਨੂੰ ਉਸ ਦੇ ਬੈਰਕ ਸਾਥੀ ਨੇ ਦੱਸਿਆ ਕਿ ਸਵੇਰੇ ਕਰੀਬ 11:30 ਵਜੇ ਹਵਾਲਾਤੀ ਸਾਜਨ ਨੇ ਉਸ ਨੂੰ ਚੱਪਲ ਮਾਰੀ ਸੀ। ਇਸ ਸਬੰਧੀ ਗੱਲ ਕਰਨ ਲਈ ਜਦੋਂ ਉਹ ਮੁਰਗੀ ਅਹਾਤਾ ਸਥਿਤ ਬੈਰਕ ਨੰਬਰ-1 ਦੇ ਸਾਹਮਣੇ ਪਹੁੰਚਿਆ ਤਾਂ ਉੱਥੇ ਸਾਜਨ ਦੇ ਹੱਥ ਵਿੱਚ ਕੈਂਚੀ ਅਤੇ ਕੈਦੀ ਹਰਮਨ ਕੁਮਾਰ ਕੋਲ ਲੋਹੇ ਦਾ ਸੂਆ ਸੀ। ਗੱਲਬਾਤ ਸ਼ੁਰੂ ਹੁੰਦਿਆਂ ਹੀ ਸਾਜਨ, ਹਰਮਨ ਕੁਮਾਰ, ਹੀਰਾ, ਗੋਲਾ, ਮਨੀ, ਜੋਬਨ ਜੰਗ, ਮਾਮਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਮਿਲ ਕੇ ਦੋਵਾਂ ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੀ ਜ਼ਬਰਦਸਤ ਕੁੱਟਮਾਰ ਕੀਤੀ, ਜਿਸ ਨਾਲ ਦੋਵਾਂ ਨੂੰ ਸੱਟਾਂ ਲੱਗੀਆਂ। ਥਾਣਾ ਤ੍ਰਿਪੜੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਹਵਾਲਾਤੀ ਸਾਜਨ, ਕੈਦੀ ਹਰਮਨ ਕੁਮਾਰ, ਹੀਰਾ, ਗੋਲਾ, ਮਨੀ, ਜੋਬਨ ਜੰਗ, ਮਾਮਾ ਸਮੇਤ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਨ੍ਹਾਂ ਤੇ ਦੋਸ਼ ਹੈ ਕਿ ਸੂਏ ਅਤੇ ਤਿੱਖੇ ਕੀਤੇ ਚਮਚਿਆਂ ਤੋਂ ਇਲਾਵਾ ਕੈਂਚੀ ਵਰਗੀਆਂ ਚੀਜ਼ਾਂ ਨਾਲ ਵਾਰ ਕੀਤੇ ਗਏ ਸਨ। ਮ੍ਰਿਤਕ ਅਜੇ ਦੀ ਪਤਨੀ ਸ਼ਿਵਾਂਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਦੇ ਅੰਦਰੋਂ ਹੀ ਕਿਸੇ ਹੋਰ ਜਾਣਕਾਰ ਨੇ ਫੋਨ ਕਰਕੇ ਝਗੜੇ ਬਾਰੇ ਦੱਸਿਆ ਸੀ, ਜੇਲ੍ਹ ਅਧਿਕਾਰੀਆਂ ਨੇ ਹਾਲਤ ਗੰਭੀਰ ਹੋਣ ਬਾਰੇ ਤੱਕ ਨਹੀਂ ਦੱਸਿਆ। ਉਨ੍ਹਾਂ ਦਾ ਛੋਟਾ ਦਿਓਰ ਵਿਜੇ ਵੀ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਉਸ ਦੀ ਬਾਂਹ ਟੁੱਟੀ ਹੈ ਪਰ ਉਸ ਨੂੰ ਵੀ ਸਹੀ ਇਲਾਜ ਨਹੀਂ ਦਿੱਤਾ ਜਾ ਰਿਹਾ।