ਨਾਮਜ਼ਦਗੀ ਰੋਕਣ ਦੇ ਦੋਸ਼ਾਂ ਮਗਰੋਂ ਕੋਆਪਰੇਟਿਵ ਸੁਸਾਇਟੀ ਚੋਣ ਭਖੀ ਨਾਮਜ਼ਦਗੀ ਰੋਕਣ ਦੇ ਦੋਸ਼ਾਂ ਮਗਰੋਂ ਕੋਆਪਰੇਟਿਵ ਸੁਸਾਇਟੀ ਚੋਣ ਭਖੀ
Publish Date: Wed, 07 Oct 2026 04:05 PM (IST)
Updated Date: Thu, 08 Oct 2026 04:02 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਤੂਰ ਪੱਤੀ ਵਿਖੇ ਸਥਿਤ ਕੋਆਪਰੇਟਿਵ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਮੰਗਲਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਬਜ਼ੁਰਗ ਮਹਿਲਾ ਚਰਨਜੀਤ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਸਵੀਕਾਰ ਨਾ ਕਰਨ ਦੇ ਦੋਸ਼ ਲਗਾਉਂਦਿਆਂ ਸਮਰਥਕਾਂ ਸਮੇਤ ਰੋਸ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨਾਮਜ਼ਦਗੀ ਪੱਤਰ ਲੈਣ ਦੀ ਮੰਗ ਕੀਤੀ ਗਈ। ਚਰਨਜੀਤ ਕੌਰ, ਸਾਬਕਾ ਕੌਂਸਲਰ ਸੁਖਜਿੰਦਰ ਸਿੰਘ ਰੀਟੂ ਸਮੇਤ ਹੋਰ ਸਮਰਥਕਾਂ ਨੇ ਦੋਸ਼ ਲਾਇਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਨਿਰਧਾਰਤ ਸਮੇਂ ਅੰਦਰ ਉਹ ਸੁਸਾਇਟੀ ਦਫ਼ਤਰ ਪਹੁੰਚ ਗਏ ਸਨ, ਪਰ ਰਿਟਰਨਿੰਗ ਅਫ਼ਸਰ ਵੱਲੋਂ ਇਹ ਕਹਿ ਕੇ ਪੱਤਰ ਸਵੀਕਾਰ ਨਹੀਂ ਕੀਤਾ ਗਿਆ ਕਿ ਉਹ ਨਿਰਧਾਰਤ ਸਮੇਂ ਤੋਂ ਬਾਅਦ ਪਹੁੰਚੇ ਹਨ। ਉਨ੍ਹਾਂ ਦੀ ਮੰਗ ’ਤੇ ਗੌਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਸਬੰਧੀ ਚੋਣ ਅਧਿਕਾਰੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਿਰਧਾਰਤ ਸਮੇਂ ਤੱਕ ਕੁੱਲ 20 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਕੌਰ ਦੇ ਕਾਗਜ਼ ਸਵੇਰੇ 11 ਵਜੇ ਤੋਂ ਬਾਅਦ ਪੇਸ਼ ਕੀਤੇ ਜਾਣ ਕਾਰਨ ਨਿਰਧਾਰਤ ਸਮਾਂ ਸਮਾਪਤ ਹੋ ਚੁੱਕਾ ਸੀ, ਜਿਸ ਕਰਕੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਿਆ। ਉਧਰ ਸ਼ਾਮ ਸਮੇਂ ਜਦੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਉਮੀਦਵਾਰ ਚੋਣ ਨਿਸ਼ਾਨ ਲੈਣ ਲਈ ਸੁਸਾਇਟੀ ਦਫ਼ਤਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਚੋਣ ਰੱਦ ਹੋਣ ਦਾ ਪਤਾ ਲੱਗਿਆ। ਇਸ ’ਤੇ ਦੂਜੀ ਧਿਰ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਗੁਰਪ੍ਰੀਤ ਸਿੰਘ ਕੰਧੋਲਾ, ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਵਿੰਦਰ ਸਿੰਘ, ਗੁਰਤੇਜ ਸਿੰਘ, ਕਰਮਜੀਤ ਸਿੰਘ, ਹਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਰਵਿੰਦਰ ਸਿੰਘ, ਹਰਵਿੰਦਰ ਸਿੰਘ ਹੈਰੀ, ਸੁਖਵੀਰ ਸਿੰਘ, ਅਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਉਹ ਚੋਣ ਨਿਸ਼ਾਨ ਲੈਣ ਲਈ ਸੁਸਾਇਟੀ ਵਿਖੇ ਆਏ ਸਨ, ਪਰ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਚੋਣ ਰੱਦ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਮੌਕੇ ’ਤੇ ਚੋਣ ਅਧਿਕਾਰੀ ਤੋਂ ਇਲਾਵਾ ਕੋਈ ਹੋਰ ਅਧਿਕਾਰੀ ਮੌਜੂਦ ਨਹੀਂ ਸੀ।