- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਰਾਂਪੁਰ ਕਾਲਜ ਦੇ ਕੰਟਰੈਕਟ ਅਧਿਆਪਕਾਂ ਨੇ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਕੰਟਰੈਕਟ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਨੂੰ ਕਾਲੇ ਦਿਨ ਦੇ ਰੂਪ ਵਿਚ ਮਨਾਉਂਦਿਆਂ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ। ਕੰਟਰੈਕਟ ਅਧਿਆਪਕਾਂ ਨੇ ਮੰਗ ਕੀਤੀ ਕਿ ਯੂਜੀਸੀ ਦੇ ਨਿਯਮਾਂ ਨੂੰ ਲਾਗੂ ਕੀਤਾ ਜਾਵੇ ਤੇ ਹਾਈਕੋਰਟ ਵੱਲੋਂ ਕੰਟਰੈਕਟ ਅਧਿਆਪਕਾਂ ਦੇ ਹੱਕ ’ਚ ਦਿੱਤੇ ਗਏ ਹੁਕਮਾਂ ਨੂੰ ਤੁਰੰਤ ਲਾਗੂ ਕਰਦਿਆਂ ਉਨ੍ਹਾਂ ਨੂੰ ਬਣਦੇ ਹੱਕ ਦਿੱਤੇ ਜਾਣ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਕੰਟਰੈਕਟ ਅਧਿਆਪਕ ਲੰਬੇ ਸਮੇਂ ਤੋਂ ਆਪਣੇ ਬਣਦੇ ਹੱਕਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਦਿਆਂ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ 9 ਸਤੰਬਰ ਦਿਨ ਬੁੱਧਵਾਰ ਨੂੰ ਕੰਮਕਾਜ ਠੱਪ ਕੀਤਾ ਜਾਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਇਸ ਦੌਰਾਨ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਅਤੇ ਨਿੱਪਡ਼ੂ ਕੈਂਪਸਾਂ ਨੂੰ ਪੂਰਨ ਰੂਪ ਵਿਚ ਬੰਦ ਰੱਖਿਆ ਜਾਵੇਗਾ। ਇਸ ਮੌਕੇ ਡਾ. ਲਵਦੀਪ ਸਿੰਘ, ਡਾ. ਗੁਰਦੇਵ ਸਿੰਘ, ਡਾ. ਨਰੇਸ਼ ਬਾਤੀਸ਼, ਡਾ. ਰਜਨੀ ਜਨੇਜਾ, ਡਾ. ਹਰਜੀਤ ਕੌਰ, ਸਹਾਇਕ ਪ੍ਰੋਫੈਸਰ ਗੁਰਜੀਤ ਕੌਰ ਅਤੇ ਡਾ. ਤੇਜਿੰਦਰ ਪਾਲ ਸਿੰਘ ਸਮੇਤ ਆਦਿ ਕੰਟਰੈਕਟ ਅਧਿਆਪਕ ਆਦਿ ਮੌਜੂਦ ਸਨ।