ਦਸੌਂਦਾ ਸਿੰਘ ਵਾਲਾ ’ਚ ਪਲੇਅ ਗਰਾਊਂਡ ਦੇ ਨਿਰਮਾਣ ਆਰੰਭ
ਪਲੇਅ ਗਰਾਊਂਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Publish Date: Sun, 29 Mar 2026 03:28 PM (IST)
Updated Date: Mon, 30 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਕੋਟਲਾ : ਚੇਅਰਮੈਨ ਬਲਾਕ ਸੰਮਤੀ ਮਾਲੇਰਕੋਟਲਾ ਸੰਤੋਖ ਸਿੰਘ ਦਸੌਦਾ ਸਿੰਘ ਵਾਲਾ ਵੱਲੋਂ ਪਿੰਡ ਦਸੌਦਾ ਸਿੰਘ ਵਾਲਾ ਵਿਖੇ ਸੰਮਤੀ ਮੈਂਬਰਾਂ ਦੇ ਸਹਿਯੋਗ ਨਾਲ ਮਾਡਲ ਪਲੇਅ ਗਰਾਊਂਡ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਚੇਅਰਮੈਨ ਸੰਤੋਖ ਸਿੰਘ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ’ਚ ਕਰੀਬ 16 ਕਰੋੜ 02 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ 57 ਮਾਡਲ ਪਲੇਅ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ’ਚੋਂ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿੱਚ ਲੱਗਭੱਗ 30 ਮੈਦਾਨ 6 ਕਰੋੜ 89 ਲੱਖ 29 ਹਜ਼ਾਰ ਰੁਪਏ ਦੀ ਲਾਗਤ ਨਾਲ ਅਤੇ ਬਾਕੀ ਹਲਕਾ ਅਮਰਗੜ੍ਹ ਵਿੱਚ 27 ਮੈਦਾਨ ਕਰੀਬ 9 ਕਰੋੜ 13 ਲੱਖ 22 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਪਲੇਅ ਗਰਾਊਂਡਾਂ ਵਿੱਚ ਕ੍ਰਿਕਟ ਪਿੱਚ, ਵਾਲੀਬਾਲ ਕੋਰਟ, ਰਨਿੰਗ ਟਰੈਕ, ਓਪਨ ਜਿੰਮ ਅਤੇ ਦਰਸ਼ਕਾਂ ਲਈ ਬੈਠਣ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਵਧੀਆ ਮੌਕਾ ਮਿਲੇਗਾ। ਚੇਅਰਮੈਨ ਸੰਤੋਖ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ-ਉਰ-ਰਹਿਮਾਨ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਉਪਰਾਲਾ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਬਲਾਕ ਸੰਮਤੀ ਦੀ ਟੀਮ ਲਗਾਤਾਰ ਆਮ ਲੋਕਾਂ ਦੀ ਭਲਾਈ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਤਤਪਰ ਰਹੇਗੀ। ਇਸ ਮੌਕੇ ਜੂਨੀਅਰ ਇੰਜੀਨੀਅਰ ਪੰਚਾਇਤੀ ਰਾਜ ਇੰਜ.ਸਤਨਾਮ ਸਿੰਘ, ਪੰਚ ਚਮਕੋਰ ਸਿੰਘ, ਜੋਗਾ ਸਿੰਘ ਬਲਦੀਪ ਸਿੰਘ,ਬਲਜੀਤ ਸਿੰਘ, ਹਰਫੂਲ ਸਿੰਘ, ਸੁਰਜੀਤ ਸਿੰਘ, ਰਾਜਦੀਪ ਸਿੰਘ, ਦਰਸ਼ਨ ਸਿੰਘ ਅਤੇ ਨੰਬਰਦਾਰ ਚਰਨਜੀਤ ਸਿੰਘ ਮੌਜੂਦ ਸਨ।