ਸੰਗਰੂਰ ’ਚ ਕਾਂਗਰਸ ਦੀ ਇਨਸਾਫ਼ ਰੈਲੀ ਨਾਲ ਮਿਸ਼ਨ-2027 ਦਾ ਆਗਾਜ਼ ਸੰਗਰੂਰ ’ਚ ਕਾਂਗਰਸ ਦੀ ਇਨਸਾਫ਼ ਰੈਲੀ ਨਾਲ ਮਿਸ਼ਨ-2027 ਦਾ ਆਗਾਜ਼
Publish Date: Wed, 04 Nov 2026 05:57 PM (IST)
Updated Date: Thu, 05 Nov 2026 04:03 AM (IST)
ਦਿੱਲੀ ਤੋਂ ਚੱਲ ਰਹੀ ਪੰਜਾਬ ਦੀ ਸਰਕਾਰ, ਪੰਜਾਬ ਨੂੰ ਲੁੱਟਣ ’ਚ ਲੱਗੇ ਆਗੂ, ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਵਜੋਂ ਕਰ ਰਹੀ ਕੰਮ ਜਸਵੀਰ ਸਿੰਘ\ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਫੱਗੂਵਾਲਾ (ਸੰਗਰੂਰ) : ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਬੁੱਧਵਾਰ ਨੂੰ ਕਾਂਗਰਸ ਦੀ ‘ਪੰਜਾਬ ਬਚਾਓ ਇਨਸਾਫ਼ ਰੈਲੀ’ ਰਾਹੀਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪੰਜਾਬ ਦੀ ਕਾਨੂੰਨ-ਵਿਵਸਥਾ, ਨਸ਼ਿਆਂ, ਬੇਰੁਜ਼ਗਾਰੀ ਅਤੇ ਉਦਯੋਗਾਂ ਦੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨੇ ਵਿੰਨ੍ਵੇ। ਮੰਚ ਤੋਂ ਸੰਬੋਧਨ ਕਰਦਿਆਂ ਮੱਲਿਕਾਰਜੁਨ ਖੜਗੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਵਧਾਉਣ ਵਾਲੀ ਅਤੇ ਬੱਚਿਆਂ ਸਮੇਤ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗੋਆ ਅਤੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਕਾਰਨ ਹੀ ਕਾਂਗਰਸ ਸਰਕਾਰ ਨਹੀਂ ਬਣਾ ਸਕੀ। ਉਨ੍ਹਾਂ ਸਵਾਲ ਉਠਾਇਆ ਕਿ ਜਿੱਥੇ ਪਾਰਟੀ ਦਾ ਕੋਈ ਆਧਾਰ ਨਹੀਂ ਹੈ, ਉੱਥੇ ‘ਆਪ’ ਜਾ ਕੇ ਭਾਜਪਾ ਅਤੇ ਆਰਐੱਸਐੱਸ ਨੂੰ ਹੱਲਾਸ਼ੇਰੀ ਕਿਉਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰਾਜਨੀਤੀ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਪੰਜਾਬ ਦੀ ਪਛਾਣ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਭ੍ਰਿਸ਼ਟ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਹੋਣ ਵਾਲੀ ਵਸੂਲੀ ਦਾ ਪੈਸਾ ਸਿੱਧਾ ਦਿੱਲੀ ਭੇਜਿਆ ਜਾ ਰਿਹਾ ਹੈ। ਦਿੱਲੀ ’ਚ ਬੈਠੇ ਆਗੂਆਂ ਨੇ ਹਰ ਵਿਭਾਗ ਵਿੱਚ ਆਪਣੇ ਬੰਦੇ ਨਿਯੁਕਤ ਕੀਤੇ ਹੋਏ ਹਨ, ਜੋ ਪੈਸਾ ਦਿੱਲੀ ਭੇਜਦੇ ਹਨ। ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਬਣ ਕੇ ਕੰਮ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੇ ਡਾ. ਭੀਮ ਰਾਓ ਅੰਬੇਡਕਰ ਨੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਰਾਜੀਵ ਗਾਂਧੀ ਨੇ ਸੰਵਿਧਾਨ ਵਿੱਚ ਸੋਧ ਕਰਕੇ 18 ਸਾਲ ਦੇ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦਿਵਾਇਆ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਕੋਲ ਵੋਟ ਦਾ ਅਧਿਕਾਰ ਨਾ ਹੁੰਦਾ ਤਾਂ ਉਹ ਕੁਝ ਵੀ ਨਹੀਂ ਕਰ ਸਕਦੇ ਸਨ। ਅੱਜ ਭਗਵੰਤ ਮਾਨ ਮੁੱਖ ਮੰਤਰੀ ਲੋਕਾਂ ਦੀਆਂ ਵੋਟਾਂ ਨਾਲ ਹੀ ਬਣੇ ਹਨ। ਜੇਕਰ ਵੋਟ ਦਾ ਅਧਿਕਾਰ ਨਾ ਹੁੰਦਾ ਤਾਂ ਉਹ ਅੱਜ ਇਸ ਅਹੁਦੇ ’ਤੇ ਨਾ ਬੈਠੇ ਹੁੰਦੇ ਅਤੇ ਕੇਜਰੀਵਾਲ ਪੰਜਾਬ ਤੋਂ ਮਹੀਨਾਵਾਰ ਵਸੂਲੀ ਨਹੀਂ ਕਰ ਸਕਦੇ ਸਨ। ਚੁਟਕਲੇ ਬਹੁਤ ਸੁਣ ਲਏ, ਹੁਣ ਇਕਜੁੱਟ ਹੋਣ ਦੀ ਲੋੜ : ਪਰਗਟ ਸਿੰਘ ਪੀਪੀਸੀਸੀ ਪ੍ਰਧਾਨ ਪਰਗਟ ਸਿੰਘ ਨੇ ਇਨਸਾਫ਼ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਬਹੁਤ ਚੁਟਕਲੇ ਸੁਣ ਚੁੱਕੇ ਹਨ। ਹੁਣ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਪੁਲਿਸ ਅਧਿਕਾਰੀ ਨੇ ਕਾਂਗਰਸੀ ਵਰਕਰਾਂ ਵੱਲ ਟੇਢੀ ਨਜ਼ਰ ਨਾਲ ਦੇਖਿਆ ਤਾਂ ਉਸ ਦੀ ਅੱਖ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਲੱਗਦਾ ਹੈ ਕਿ ਸੂਬਾ ਪੁਲਿਸ ਸਟੇਟ ਬਣ ਚੁੱਕਾ ਹੈ ਅਤੇ ਸਰਕਾਰ ਨੇ ਪੰਜਾਬ ਨੂੰ ਜੰਗਲ ਰਾਜ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮੁਰਦਾਘਰ ਵਿੱਚ ਪਈਆਂ ਹਨ, ਪਰ ਪੰਜਾਬ ਵਿੱਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਛੋਟੇ ਤੋਂ ਛੋਟਾ ਵਪਾਰੀ ਅਤੇ ਕਿਸਾਨ ਵੀ ਪ੍ਰੇਸ਼ਾਨ ਹੈ। ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਮੰਡੀਆਂ ਵਿੱਚ ਅਜੇ ਵੀ 25 ਫ਼ੀਸਦੀ ਝੋਨਾ ਲਾਵਾਰਿਸ ਪਿਆ ਹੈ, ਜਦਕਿ ਖਰੀਦ ਏਜੰਸੀਆਂ ਨੇ ਆਪਣੀ ਖਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਲਈ ਜਗ੍ਹਾ ਨਾ ਦਿੱਤੇ ਜਾਣ ਦੇ ਮੁੱਦੇ ’ਤੇ ਭਾਜਪਾ ਨੂੰ ਵੀ ਘੇਰਿਆ। ਵਰਕਰਾਂ ਦਾ ਹੌਸਲਾ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ : ਚੰਨੀ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾਂ ਦਾ ਸਮਰਥਨ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦਾ ਹੌਸਲਾ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਇਸੇ ਜਨਸ਼ਕਤੀ ਦੇ ਦਮ ’ਤੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਝੁਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੇ ਕਈ ਆਗੂ ਵਿਦੇਸ਼ ਭੱਜ ਗਏ ਹਨ। ਭਗਵੰਤ ਮਾਨ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ ਸਾਰਿਆਂ ਨੇ ਵੀਜ਼ੇ ਲਗਵਾ ਰੱਖੇ ਹਨ ਅਤੇ ਇਹ ਸਾਰੇ ਵਿਦੇਸ਼ ਭੱਜਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾਵੇ। ਸੰਗਰੂਰ ਨੇ ਬਦਲਾਅ ਦੀ ਨੀਂਹ ਰੱਖੀ ਸੀ, ਅੱਜ ਪੰਜਾਬ ਪਛਤਾਅ ਰਿਹੈ : ਵੜਿੰਗ ਰੈਲੀ ਦੌਰਾਨ ਪੀਪੀਸੀਸੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ। ਨਸ਼ਿਆਂ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਨਹੀਂ, ਸਗੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਲਈ ਜ਼ਿੰਮੇਵਾਰ ਹਨ, ਕਿਉਂਕਿ ਉਹ ਪਿਛਲੇ 12 ਸਾਲਾਂ ਤੋਂ ਦੇਸ਼ ਦੇ ਗ੍ਰਹਿ ਮੰਤਰੀ ਹਨ ਪਰ ਅੱਜ ਤੱਕ ਨਸ਼ਿਆਂ ਨੂੰ ਰੋਕ ਨਹੀਂ ਸਕੇ। ਹੁਣ ਉਹ 2029 ਤੱਕ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰ ਰਹੇ ਹਨ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਦਸ ਸਾਲ ਪਹਿਲਾਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਉਠਾਇਆ ਸੀ, ਪਰ ਉਸ ਸਮੇਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਦੇ ਨਾਂ ’ਤੇ ਸੱਤਾ ਵਿੱਚ ਆਈ ਸੀ। ਸੰਗਰੂਰ ਨੂੰ ‘ਆਪ’ ਦੀ ਰਾਜਧਾਨੀ ਕਿਹਾ ਜਾਂਦਾ ਹੈ ਅਤੇ ਇੱਥੋਂ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਸਨ ਪਰ ਅਜਿਹੀ ਸਰਕਾਰ ਅਤੇ ਮੁੱਖ ਮੰਤਰੀ ਲੋਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ, ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਖ਼ਤਮ ਨਹੀਂ ਹੋਇਆ ਅਤੇ ਪਰਵਿੰਦਰ ਝੋਟਾ ਵਰਗੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।