- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਵਲੋਂ ਵਿੱਤ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ, ਸਾੜਿਆ ਪੁਤਲਾ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਹੇਠ ਐੱਸਐੱਸਪੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਤੂਰਬਣਜਾਰਾ ਪਿੰਡ ਦੇ ਗੁਲਜਾਰ ਸਿੰਘ ਖੁਦਕਸ਼ੀ ਮਾਮਲੇ ’ਚ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਵਿਰੋਧ ਵਿਚ ਵਿੱਤ ਮੰਤਰੀ ਵਿਰੁੱਧ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਕਾਂਗਰਸੀਆਂ ਵਲੋਂ ਵਿੱਤ ਮੰਤਰੀ ਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਪਰ ਬੜੀ ਆਸਾਨੀ ਨਾਲ ਵਿੱਤ ਮੰਤਰੀ ਦਾ ਨਾਮ ਐਫਆਈਆਰ ਵਿਚ ਦਰਜ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ, ਜਦੋਂ ਕਿ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨਾਂ ਵਿਚ ਸਪੱਸ਼ਟ ਤੌਰ ’ਤੇ ਨਾਮ ਲਿਆ ਸੀ। ਰੰਧਾਵਾ ਨੇ ਕਿਹਾ ਕਿ ਇਹ ਇਕ ਸਰਬ ਪ੍ਰਵਾਨਿਤ ਨਿਯਮ ਹੈ ਕਿ ਅਜਿਹੇ ਮਾਮਲਿਆਂ ਵਿਚ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਇਕ ਅਹਿਮ ਸਬੂਤ ਮੰਨਿਆ ਜਾਂਦਾ ਹੈ ਜਦੋਂ ਕਿ ਗੁਲਜ਼ਾਰ ਸਿੰਘ ਨੇ ਆਪਣੀ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀ ਵਜੋਂ ਹਰਪਾਲ ਚੀਮਾ ਦਾ ਨਾਮ ਇੰਨੇ ਸਪਸ਼ਟ ਅਤੇ ਸਾਫ ਸ਼ਬਦਾਂ ਵਿਚ ਲਿਆ ਸੀ ਤਾਂ ਐਫਆਈਆਰ ਵਿਚ ਉਸਦਾ ਨਾਂ ਕਿਉਂ ਨਹੀਂ ਦਰਜ ਕੀਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਇਹ ਬਹੁਤ ਵੱਡੇ ਸਵਾਲ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਜਦੋਂ ਕਿ ਆਪ ਸਰਕਾਰ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਆਵਾਜ਼ ਦਬਾਉਣ ਤੇ ਲੱਗੀ ਹੋਈ ਹੈ। ਇਸ ਮੌਕੇ ਨਰੇਸ਼ ਦੁੱਗਲ ਨੇ ਕਿਹਾ ਕਿ ਹਰਪਾਲ ਚੀਮਾ ਖਿਲਾਫ਼ ਕਾਨੂੰਨ ਦੀਆਂ ਸਬੰਧਤ ਧਰਾਵਾਂ ਤਹਿਤ ਖੁਦਕੁਸ਼ੀ ਲਈ ਅਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਦੁੱਗਲ ਨੇ ਇਹ ਵੀ ਕਿਹਾ ਕਿ ਗੁਲਜਾਰ ਸਿੰਘ ਦਾ ਅੰਤਿਮ ਸਸਕਾਰ ਵੀ ਪਰਿਵਾਰ ਦੀ ਇੱਛਾ ਦੇ ਉਲਟ ਜਾ ਕੇ ਸਰਕਾਰ ਵੱਲੋਂ ਜ਼ਬਰਦਸਤੀ ਕਰਵਾਇਆ ਗਿਆ। ਅਜਿਹੇ ਹਾਲਾਤ ਵਿਚ ਗੁਲਜ਼ਾਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਪੁਲਿਸ ਦਾ ਸਭ ਤੋਂ ਪਹਿਲਾ ਫਰਜ਼ ਹਰਪਾਲ ਚੀਮਾ ਨੂੰ ਗ੍ਰਿਫਤਾਰ ਕਰਨਾ ਬਣਦਾ ਹੈ। ਉਨਾਂ ਕਿਹਾ ਕਿ ਹਰਪਾਲ ਚੀਮਾ ਦੀ ਗ੍ਰਿਫਤਾਰੀ ਹੋਣ ਤੱਕ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਧਰਨਾ ਪ੍ਰਦਰਸ਼ਨ ਤੇ ਪੁਤਲਾ ਫੂਕਣ ਤੋਂ ਬਾਅਦ ਬੀਬੀ ਗੁਰਸ਼ਰਨ ਕੌਰ ਰੰਧਾਵਾ ਤੇ ਨਰੇਸ਼ ਦੁੱਗਲ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਵੱਲੋਂ ਐਸਐਸਪੀ ਪਟਿਆਲਾ ਨੂੰ ਡੀਜੀਪੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਵੀ ਦਿੱਤਾ ਗਿਆ। ਅੱਜ ਦੇ ਇਸ ਧਰਨੇ ਵਿੱਚ ਅਮਰਜੀਤ ਘੱਗਾ, ਹਰਦੀਪ ਕੁਲਾਰਾ, ਨੈਬ ਭਾਨਰੀ, ਤਜਿੰਦਰ ਗਾਜੇਵਾਸ, ਪਰਮਜੀਤ ਚੌਹਾਨ, ਟੋਨੀ ਸੂਲਰ, ਰਣਜੀਤ ਮਤੋਲੀ, ਰਤਨਜੀਤ ਜਾਹਲਾਂ, ਪਲਵਿੰਦਰ ਕੌਰ ਹਰਿਆਊ, ਕੁਲਵਿੰਦਰ ਅਰਨੋ, ਬਲਦੇਵ ਇੰਟਕ, ਗੁਰਸੇਵਕ ਜੋੜੋਮਾਜਰਾ, ਰਾਜਾ ਸਰਾਓ, ਜਗਤਾਰ ਬੀਜਲਪੁਰ, ਗੁਰਬਚਨ ਚਾਹਲ, ਹਰਮਿੰਦਰ ਸਿੰਘ ਰਾਠੀਆਂ, ਦੀਦਾਰ ਸਿੰਘ ਦੌਣਕਲਾਂ, ਜਗਤਾਰ ਬਿਜਲਪੁਰ, ਪਰਮਜੀਤ ਚੌਹਾਨ, ਗੁਰਪ੍ਰੀਤ ਪੀਏ, ਮੇਜਰ ਖ਼ਾਨ, ਅਮਰੀਕ ਧਬਲਾਨ, ਦਿਲਬਰ ਨਿਰਮਾਣ, ਸੱਤਵਿੰਦਰ ਸ਼ੈਲੀ, ਰਿੰਕੂ ਡਕਾਲਾ, ਪਰਮਜੀਤ ਖੇੜੀ ਮੁਸਲਮਾਨੀ, ਕਾਲਾ ਬਠੋਈ, ਦੀਪੂ ਭੰਡਾਰੀ, ਗੈਰੀ ਮਰਦਾਹੇਦੀ, ਗੁਰਸੇਵਕ ਨਨਹੇੜਾ ਵੀ ਹਾਜ਼ਰ ਸਨ।