- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ 28 ਜਨਵਰੀ ਤੋਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ 37ਵੀਂ ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਮਿਤੀ 28 ਤੋਂ 30 ਜਨਵਰੀ ਦੌਰਾਨ ਕਰਵਾਈ ਜਾ ਰਹੀ ਹੈ। ਇਸ ਵਾਰ ਇਸ ਕਾਨਫ਼ਰੰਸ ਦਾ ਵਿਸ਼ਾ ‘ਉਚੇਰੀ ਸਿੱਖਿਆ ਵਿਚ ਪੰਜਾਬੀ ਭਾਸ਼ਾ ਦੀ ਮਾਧਿਅਮ ਵਜੋਂ ਵਰਤੋਂ : ਸਮੱਸਿਆਵਾਂ ਅਤੇ ਸਮਾਧਾਨ’ ਰੱਖਿਆ ਗਿਆ ਹੈ। ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਇਸ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਕਾਨਫ਼ਰੰਸ ਦਾ ‘ਉਦਘਾਟਨੀ ਸੈਸ਼ਨ’ 28 ਜਨਵਰੀ ਨੂੰ ਗੁਰੂ ਤੇਗ ਬਹਾਦਰ ਹਾਲ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ‘ਉਦਘਾਟਨੀ ਸੈਸ਼ਨ’ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਕਰਨਗੇ। ਇਸ ਕਾਨਫ਼ਰੰਸ ਦਾ ਮੁੱਖ-ਸੁਰ ਭਾਸ਼ਣ ਉੱਘੇ ਜੀਵ ਵਿਗਿਆਨੀ ਅਤੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫ਼ੈਸਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾ. ਮਲਕੀਅਤ ਸਿੰਘ ਸੈਣੀ ਦੇਣਗੇ। ‘ਉਦਘਾਟਨੀ ਸੈਸ਼ਨ’ ਦੌਰਾਨ ਡਾ. ਬਲਬੀਰ ਸਿੰਘ, ਸਿਹਤ ਮੰਤਰੀ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਦੁਨੀਆ ਭਰ ਵਿਚ ਪੰਜਾਬੀ ਦੇ ਹਵਾਲੇ ਨਾਲ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਕਾਰਜ ਕਰਨ ਵਾਲੇ ਡਾ. ਜਸਵੀਰ ਸਿੰਘ ਗਿੱਲ (ਅਮਰੀਕਾ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਦਘਾਟਨੀ ਸਮਾਗਮ ਵਿੱਚ ਵਿਭਾਗ ਵੱਲੋਂ ਤਿਆਰ ਕੀਤੀਆਂ ਪੁਸਤਕਾਂ ਲੋਕ-ਅਰਪਣ ਕੀਤੀਆਂ ਜਾਣਗੀਆਂ। ਡਾ. ਲੰਬੀ ਨੇ ਦੱਸਿਆ ਕਿ ਕਾਨਫ਼ਰੰਸ ਵਿੱਚ ਛੇ ਅਕਾਦਮਿਕ ਸੈਸ਼ਨ ਰੱਖੇ ਗਏ ਹਨ, ਜਿਸ ਵਿੱਚ ਵਿਗਿਆਨ, ਸਮਾਜ-ਵਿਗਿਆਨ, ਕਲਾ, ਸਾਹਿਤ, ਵਣਜ, ਕਨੂੰਨ, ਔਸ਼ਧੀ-ਵਿਗਿਆਨ ਆਦਿ ਖੇਤਰਾਂ ਵਿੱਚ ਪੰਜਾਬੀ ਦੇ ਹਵਾਲੇ ਨਾਲ ਕੰਮ ਕਰਨ ਵਾਲੇ ਵਿਦਵਾਨਾਂ ਨੂੰ ਖੋਜ-ਪੱਤਰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ।