- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰੂਕਤਾ ਸੈਮੀਨਾਰ ਕਰਵਾਉਣਾ ਸਲਾਘਾਯੋਗ- ਡੀ.ਐਸ.ਪੀ ਫ਼ਤਿਹ ਬਰਾੜ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਮਨਜੀਤ ਕੌਰ ਦੀ ਯੋਗ ਅਗਵਾਈ ਹੇਠ ਰੈੱਡ ਰਿਬਨ ਕਲੱਬ ਵੱਲੋਂ ਐੱਚਆਈਵੀ/ਏਡਜ਼ ਵਿਸ਼ੇ ਤੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡੀਐੱਸਪੀ ਸਬ-ਡਵੀਜ਼ਨ ਸਮਾਣਾ ਫਤਿਹ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਡਾਕਟਰ ਨਰਿੰਦਰ ਕੌਰ ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਵੱਲੋਂ ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਮੁੱਖ ਮਹਿਮਾਨ ਡੀਐੱਸਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਆਪਣੇ ਸੰਬੋਧਨ ’ਚ ਵਿਦਿਆਰਥਣਾਂ ਨੂੰ ਕਿਹਾ ਕਿ ਐੱਚਆਈਵੀ/ਏਡਜ਼ ਦਾ ਇਕ ਵੱਡਾ ਕਾਰਨ ਨਸ਼ਿਆਂ ਦੀ ਵਰਤੋਂ ਲਈ ਇੱਕੋ ਸਰਿੰਜ ਦੀ ਵਰਤੋਂ ਤੇ ਅਸੁਰੱਖਿਅਤ ਸਬੰਧ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਰਿਬਨ ਕਲੱਬ ਦੇ ਦੂਤ ਬਣ ਕੇ ਪਿੰਡ-ਪਿੰਡ ਵਿਚ ਇਹ ਸੁਨੇਹਾ ਪਹੁੰਚਾਉਣ। ਉਨ੍ਹਾਂ ਦੱਸਿਆ ਕਿ ਰੈੱਡ ਰਿਬਨ ਕਲੱਬ ਦਾ ਨਿਸ਼ਾਨ ਏਡਜ਼ ਪ੍ਰਤੀ ਜਾਗਰੂਕਤਾ ਅਤੇ ਹਮਦਰਦੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਏਡਜ਼ ਦੇ ਫੈਲਣ ਦੇ ਕਾਰਨਾਂ, ਜਿਵੇਂ ਕਿ ਅਸੁਰੱਖਿਅਤ ਖੂਨ ਚੜ੍ਹਾਉਣਾ, ਸੰਕਰਮਿਤ ਸੂਈਆਂ ਦੀ ਵਰਤੋਂ ਅਤੇ ਮਾਂ ਤੋਂ ਬੱਚੇ ਨੂੰ ਹੋਣ ਵਾਲੀ ਲਾਗ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਅੰਤ ’ਚ ਵਿਦਿਆਰਥਣਾਂ ਨੇ ਏਡਜ਼ ਜਾਗਰੂਕਤਾ ਸਬੰਧੀ ਸਹੁੰ ਚੁੱਕੀ।