
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸ.ਆਰ.ਐਸ. ਵਿਦਿਆਪੀਠ ਵਿਖੇ ‘ਵ੍ਰਿਕਸ਼ ਬੰਧਨ’ ਰਾਹੀਂ ਕੁਦਰਤ ਦੀ ਰੱਖਿਆ ਦਾ ਸੰਕਲਪ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਐੱਸਆਰਐੱਸ ਵਿਦਿਆਪੀਠ ਦੀ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਲੱਖਣ ਢੰਗ ਨਾਲ ‘ਵ੍ਰਿਕਸ਼ ਬੰਧਨ’ ਮਨਾਇਆ। ਵਿਦਿਆਰਥੀਆਂ ਨੇ ਰੁੱਖਾਂ ਨੂੰ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਰੱਖਿਆ, ਸੰਭਾਲ ਅਤੇ ਪਾਲਣਾ ਕਰਨ ਦਾ ਸੰਕਲਪ ਲਿਆ। ਭੈਣ-ਭਰਾ ਦੇ ਪਿਆਰ, ਵਿਸ਼ਵਾਸ ਤੇ ਸੁਰੱਖਿਆ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਵਿਦਿਆਰਥੀਆਂ ਨੇ ਕੁਦਰਤ ਦੀ ਸੰਭਾਲ ਨਾਲ ਜੋੜਦਿਆਂ ਇੱਕ ਸਾਰਥਕ ਸੰਦੇਸ਼ ਦਿੱਤਾ। ਰੁੱਖਾਂ ਨੂੰ ਰੱਖੜੀ ਬੰਨ੍ਹਣਾ ਉਨ੍ਹਾਂ ਲਈ ਸਿਰਫ਼ ਇੱਕ ਪ੍ਰਤੀਕਾਤਮਕ ਰਸਮ ਨਹੀਂ ਸੀ, ਸਗੋਂ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਵੀ ਸੀ। ਇਸ ਮੌਕੇ ਵਿਦਿਆਰਥੀਆਂ ਨੇ ਰੁੱਖਾਂ ਦੀ ਮਹੱਤਤਾ ਨੂੰ ਸਮਝਿਆ। ‘ਵ੍ਰਿਕਸ਼ ਬੰਧਨ’ ਐਸ.ਆਰ.ਐਸ. ਵਿਦਿਆਪੀਠ ਦੀ ਉਸ ਸਿੱਖਿਆ-ਦ੍ਰਿਸ਼ਟੀ ਨੂੰ ਦਰਸਾਉਂਦਾ ਹੈ, ਜਿਸ ਵਿਚ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਵਿਦਿਆਰਥੀਆਂ ਵਿੱਚ ਸੰਵੇਦਨਸ਼ੀਲਤਾ, ਸਮਾਜਿਕ ਜ਼ਿੰਮੇਵਾਰੀ ਅਤੇ ਕੁਦਰਤ ਪ੍ਰਤੀ ਸਤਿਕਾਰ ਵਰਗੇ ਜੀਵਨ-ਮੁੱਲਾਂ ਦਾ ਵਿਕਾਸ ਵੀ ਕਰਦੀ ਹੈ। ਵਿਦਿਆਲਿਆ ਦੇ ਪ੍ਰਧਾਨ ਸੀ.ਏ. ਅਮਿਤ ਸਿੰਗਲਾ, ਪ੍ਰਬੰਧ ਨਿਰਦੇਸ਼ਕ ਸੀ.ਏ. ਲਲਿਤ ਸਿੰਗਲਾ, ਉਪ-ਪ੍ਰਧਾਨ ਸਮਿਧਾ ਸਿੰਗਲਾ ਅਤੇ ਪ੍ਰਧਾਨਾਚਾਰਿਆ ਡਾ. ਚੰਦਨਦੀਪਨੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ। ਅਧਿਆਪਕਾਂ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਉਪਰਾਲੇ ਨੇ ਵਿਦਿਆਰਥੀਆਂ ਨੂੰ ਰੱਖੜੀ ਦੀ ਪਰੰਪਰਾ ਨੂੰ ਕੁਦਰਤ ਦੀ ਰੱਖਿਆ ਦੀ ਜ਼ਿੰਮੇਵਾਰੀ ਨਾਲ ਜੋੜਨ ਦਾ ਮੌਕਾ ਦਿੱਤਾ।