- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਮੇਅਰ ਕੁੰਦਨ ਗੋਗੀਆ ਨੇ ਮੌਕੇ 'ਤੇ ਲਿਆ ਜਾਇਜ਼ਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਡੰਪ ਹਾਊਸ ਤੇ ਆਵਾਰਾ ਕੁੱਤਿਆਂ ਦੀ ਸੰਭਾਲ ਲਈ ਬਣਾਏ ਜਾ ਰਹੇ ਡੋਗ ਸ਼ੈਲਟਰ ਹਾਊਸ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਮੇਅਰ ਕੁੰਦਨ ਗੋਗੀਆ ਅਤੇ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਵੱਲੋਂ ਡੰਪ ਸਾਈਟ ਤੇ ਨਵ ਨਿਰਮਾਣ ਅਧੀਨ ਡੋਗ ਸ਼ੈਲਟਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ। ਇਸ ਦੌਰਾਨ ਅਧਿਕਾਰੀਆਂ ਨੇ ਡੰਪ ਸਾਈਟ 'ਤੇ ਕੂੜੇ ਦੇ ਨਿਪਟਾਰੇ, ਸਫ਼ਾਈ ਪ੍ਰਬੰਧਾਂ ਅਤੇ ਮਸ਼ੀਨਰੀ ਦੀ ਕਾਰਗੁਜ਼ਾਰੀ ਦਾ ਬਰੀਕੀ ਨਾਲ ਜਾਇਜ਼ਾ ਲਿਆ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੰਪ ਸਾਈਟ 'ਤੇ ਸਫ਼ਾਈ ਦੇ ਮਿਆਰ ਨੂੰ ਹੋਰ ਬਿਹਤਰ ਬਣਾਇਆ ਜਾਵੇ ਤੇ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਹਰ ਸੰਭਵ ਕਦਮ ਚੁੱਕਿਆ ਜਾਵੇ, ਤਾਂ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਉਪਰੰਤ ਟੀਮ ਵੱਲੋਂ ਨਵੇਂ ਬਣ ਰਹੇ ਡੌਗ ਸ਼ੈਲਟਰ ਹਾਊਸ ਦਾ ਵੀ ਦੌਰਾ ਕੀਤਾ ਗਿਆ। ਇਸ ਦੌਰਾਨ ਨਿਰਮਾਣ ਕਾਰਜ ਦੀ ਪ੍ਰਗਤੀ, ਉਪਲਬਧ ਸਹੂਲਤਾਂ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਗਈ। ਅਧਿਕਾਰੀਆਂ ਨੇ ਨਿਰਮਾਣ ਕਾਰਜ ਨੂੰ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੌਗ ਸ਼ੈਲਟਰ ਹਾਊਸ ਬਣਨ ਨਾਲ ਆਵਾਰਾ ਕੁੱਤਿਆਂ ਦੀ ਸੰਭਾਲ ਨੂੰ ਹੋਰ ਵਿਵਸਥਿਤ ਕੀਤਾ ਜਾ ਸਕੇਗਾ, ਜਿਸ ਨਾਲ ਆਮ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸ ਦੌਰਾਨ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਮੇਅਰ ਕੁੰਦਨ ਗੋਗੀਆ ਅਤੇ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸਫ਼ਾਈ ਪ੍ਰਬੰਧਾਂ ਵਿੱਚ ਹੋਰ ਸੁਧਾਰ ਲਿਆਉਣ, ਡੰਪ ਸਾਈਟ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਡੌਗ ਸ਼ੈਲਟਰ ਹਾਊਸ ਦੇ ਨਿਰਮਾਣ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।