ਜਨਗਣਨਾ ਤਿਆਰੀਆਂ ਸਬੰਧੀ ਕਮਿਸ਼ਨਰ ਵੱਲੋਂ ਅਹਿਮ ਮੀਟਿੰਗ ਜਨਗਣਨਾ ਤਿਆਰੀਆਂ ਸਬੰਧੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵੱਲੋਂ ਅਹਿਮ ਮੀਟਿੰਗ
Publish Date: Mon, 12 Oct 2026 06:12 PM (IST)
Updated Date: Mon, 12 Oct 2026 06:14 PM (IST)
ਫੋਟੋ 12ਪੀਟੀਐਲ: 28: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤ ਦੀ ਜਨਗਣਨਾ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦੇ ਸਬੰਧ ਵਿਚ 12 ਅਕਤੂਬਰ ਨੂੰ ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਕਮਿਸ਼ਨਰ ਨਗਰ ਨਿਗਮ ਪਟਿਆਲਾ ਪੂਜਾ ਸਿਆਲ ਗਰੇਵਾਲ ਵੱਲੋਂ ਸਿਟੀ ਸੈਂਸਸ ਅਫ਼ਸਰ-ਕਮ-ਵਧੀਕ ਕਮਿਸ਼ਨਰ ਅਤੇ ਸਮੂਹ ਸੈਂਸਸ ਸਟਾਫ਼ ਨਾਲ ਇਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ 16 ਤੋਂ 30 ਨਵੰਬਰ ਤੱਕ ਸ਼ੁਰੂ ਹੋਣ ਜਾ ਰਹੇ ਆਨਲਾਈਨ ਸੈਲਫ਼ ਇਨੂਮੀਰੇਸ਼ਨ (ਸਵੈ-ਗਣਨਾ) ਦੇ ਗੇੜ, ਸੈਂਸਸ ਫੇਜ਼-2 ਤਹਿਤ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲਣ ਵਾਲੇ ਫੀਲਡ ਵਰਕ, ਚਾਰਜ ਅਫ਼ਸਰਾਂ ਵੱਲੋਂ ਤਿਆਰ ਕੀਤੇ ਗਏ ਇਨੂਮੀਰੇਸ਼ਨ ਬਲਾਕਾਂ ਅਤੇ ਫੀਲਡ ਸਟਾਫ਼ ਦੀ ਸਿਖਲਾਈ ਦੇ ਕਾਰਜਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਮੂਹ ਸਟਾਫ਼ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਜਨਗਣਨਾ ਡਿਊਟੀ ਲਈ ਤਾਇਨਾਤ ਸਮੂਹ ਇਨੂਮਰੇਟਰਾਂ ਤੇ ਸੁਪਰਵਾਈਜ਼ਰਾਂ ਵਾਸਤੇ ਸੈਂਸਸ ਟ੍ਰੇਨਿੰਗ ਲੈਣੀ ਬਿਲਕੁਲ ਲਾਜ਼ਮੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਹੀ ਸਬੰਧਤ ਕਰਮਚਾਰੀਆਂ ਵੱਲੋਂ ਪੇਸ਼ ਹੋਈਆਂ ਦਰਖ਼ਾਸਤਾਂ ਤੇ ਕਿਸੇ ਵੀ ਤਰ੍ਹਾਂ ਦਾ ਗ਼ੌਰ ਕੀਤਾ ਜਾਵੇਗਾ। ਪ੍ਰਿੰਸੀਪਲ ਸੈਂਸਸ ਅਫ਼ਸਰ ਨੇ ਪਟਿਆਲਾ ਸ਼ਹਿਰ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 16 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਆਨਲਾਈਨ ਸੁਵਿਧਾ ਸੈਲਫ਼ ਇਨੂਮੀਰੇਸ਼ਨ ਰਾਹੀਂ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਦਰਜ ਕਰਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਇਸ ਕੌਮੀ ਮਹੱਤਤਾ ਵਾਲੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦਾ ਸਾਥ ਦੇਣ।