CM ਭਗਵੰਤ ਮਾਨ ਨੇ ਪਟਿਆਲਾ 'ਚ ਨੌਜਵਾਨਾਂ ਨਾਲ ਖੇਡਿਆ ਕ੍ਰਿਕਟ, ਸਾਦਗੀ ਨੇ ਜਿੱਤਿਆ ਸਭ ਦਾ ਦਿਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫ਼ਲਾ ਦੱਖਣੀ ਬਾਈਪਾਸ ਤੋਂ ਸੰਗਰੂਰ ਰੋਡ ਵੱਲ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਪੈਂਦੇ ਪਿੰਡ ਸ਼ੇਰ ਮਾਜਰਾ ਕੋਲ ਇੱਕ ਮੈਦਾਨ ਵਿੱਚ ਕੁੱਝ ਨੌਜਵਾਨ ਕ੍ਰਿਕਟ ਖੇਡ ਰਹੇ ਸਨ। ਮੈਦਾਨ ਵਿੱਚ ਖੇਡ ਰਹੇ ਗੱਭਰੂਆਂ ਨੂੰ ਦੇਖ ਕੇ ਮੁੱਖ ਮੰਤਰੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ
Publish Date: Wed, 29 Jul 2026 11:55 AM (IST)
Updated Date: Wed, 29 Jul 2026 12:20 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨੀਂ ਦਿਨੀਂ ਪੂਰੀ ਫਾਰਮ ਵਿੱਚ ਨਜ਼ਰ ਆ ਰਹੇ ਹਨ। ਆਪਣੇ ਸਾਧਾਰਨ ਅਤੇ ਮਿਲਾਪੜੇ ਸੁਭਾਅ ਲਈ ਜਾਣੇ ਜਾਂਦੇ ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਆਪਣੇ ਅਨੋਖੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਬੀਤੀ ਰਾਤ ਪਟਿਆਲਾ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਅਗਲੀ ਸਵੇਰ ਮੁੱਖ ਮੰਤਰੀ ਦਾ ਇੱਕ ਅਲੱਗ ਹੀ ਰੂਪ ਦੇਖਣ ਨੂੰ ਮਿਲਿਆ, ਜਦੋਂ ਉਹ ਖੇਡ ਦੇ ਮੈਦਾਨ ਵਿੱਚ ਨੌਜਵਾਨਾਂ ਨਾਲ ਕ੍ਰਿਕਟ ਖੇਡਦੇ ਅਤੇ ਧੂੜਾਂ ਪੁੱਟਦੇ ਨਜ਼ਰ ਆਏ।
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫ਼ਲਾ ਦੱਖਣੀ ਬਾਈਪਾਸ ਤੋਂ ਸੰਗਰੂਰ ਰੋਡ ਵੱਲ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਪੈਂਦੇ ਪਿੰਡ ਸ਼ੇਰ ਮਾਜਰਾ ਕੋਲ ਇੱਕ ਮੈਦਾਨ ਵਿੱਚ ਕੁੱਝ ਨੌਜਵਾਨ ਕ੍ਰਿਕਟ ਖੇਡ ਰਹੇ ਸਨ। ਮੈਦਾਨ ਵਿੱਚ ਖੇਡ ਰਹੇ ਗੱਭਰੂਆਂ ਨੂੰ ਦੇਖ ਕੇ ਮੁੱਖ ਮੰਤਰੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਉਨ੍ਹਾਂ ਨੇ ਤੁਰੰਤ ਆਪਣਾ ਕਾਫ਼ਲਾ ਰੁਕਵਾ ਲਿਆ। ਇਸ ਤੋਂ ਬਾਅਦ ਉਹ ਖੁਦ ਗੱਡੀ ਤੋਂ ਉਤਰ ਕੇ ਮੈਦਾਨ ਵੱਲ ਵਧ ਗਏ।
ਜਿਵੇਂ ਹੀ ਮੁੱਖ ਮੰਤਰੀ ਮੈਦਾਨ 'ਚ ਪੁੱਜੇ ਤਾਂ ਖੇਡ ਰਹੇ ਨੌਜਵਾਨਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਮੁੱਖ ਮੰਤਰੀ ਨੇ ਬਿਨਾਂ ਕਿਸੇ ਝਿਜਕ ਦੇ ਬੱਲਾ ਫੜਿਆ ਅਤੇ ਕ੍ਰਿਜ਼ 'ਤੇ ਡਟ ਗਏ। ਬੈਟਿੰਗ ਕਰਦਿਆਂ ਉਨ੍ਹਾਂ ਨੇ ਅਜਿਹੇ ਸ਼ਾਨਦਾਰ ਸ਼ਾਟ ਲਗਾਏ ਕਿ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਦੇ ਇਹ ਚੌਕੇ-ਛੱਕੇ ਦੇਖ ਕੇ ਮੈਦਾਨ 'ਚ ਮੌਜੂਦ ਨੌਜਵਾਨਾਂ ਨੇ ਜ਼ੋਰਦਾਰ ਤਾਲੀਆਂ ਨਾਲ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਖੇਡਣ ਤੋਂ ਬਾਅਦ ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖੇਡਾਂ ਵੱਲ ਵਧੇਰੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸੂਬੇ ਦੇ ਮੁੱਖ ਮੰਤਰੀ ਇਸ ਤਰ੍ਹਾਂ ਅਚਾਨਕ ਉਨ੍ਹਾਂ ਦੇ ਮੈਦਾਨ 'ਚ ਆ ਕੇ ਉਨ੍ਹਾਂ ਨਾਲ ਕ੍ਰਿਕਟ ਖੇਡਣਗੇ। ਸੀਐੱਮ ਮਾਨ ਦੇ ਇਸ ਸਾਦਗੀ ਭਰੇ ਵਿਵਹਾਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਅਤੇ ਇਲਾਕੇ ਵਿੱਚ ਇਸ ਦੀ ਖੂਬ ਚਰਚਾ ਹੋ ਰਹੀ ਹੈ।