ਨਗਰ ਨਿਗਮ ਨੇ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ ਨਗਰ ਨਿਗਮ ਨੇ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ
Publish Date: Sun, 30 Aug 2026 05:37 PM (IST)
Updated Date: Sun, 30 Aug 2026 05:40 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਵੀ ਸ਼ਹਿਰ ਅੰਦਰ 10 ਦਿਨਾਂ ਦੀ ਵਿਸ਼ੇਸ਼ ਕਲੀਨਲੀਨੈਸ ਡਰਾਈਵ ਆਰੰਭੀ ਗਈ ਹੈ। ਦੱਸਣਯੋਗ ਹੈ ਕਿ ਮੁਹਿੰਮ ਅਧੀਨ ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਮੇਰਾ ਪਟਿਆਲਾ ਮੈ ਹੀ ਸਵਾਰਾ ਦੀ ਸਾਰੀ ਟੀਮ, ਨਵਦੀਪ ਸ਼ਰਮਾ ਚੀਫ ਸੈਨੀਟੇਸ਼ਨ ਅਫਸਰ ਅਤੇ ਨਿਗਮ ਟੀਮ ਵੱਲੋਂ ਸਨੌਰੀ ਅੱਡੇ ਮਲਹੋਤਰਾ ਸਵੀਟਸ ਤੋਂ ਲੈ ਕੇ ਭੂਤਨਾਥ ਜੀ ਦੇ ਮੰਦਿਰ ਤੱਕ ਪੂਰੇ ਰਸਤੇ ਦੀ ਸਫ਼ਾਈ ਕਰਵਾਈ ਗਈ। ਮੁਹਿੰਮ ਦੌਰਾਨ ਸੜਕਾਂ ਦੇ ਕਿਨਾਰਿਆਂ, ਡਿਵਾਈਡਰਾਂ ਅਤੇ ਖਾਲੀ ਪਈਆਂ ਥਾਵਾਂ ਤੋਂ ਠੋਸ ਰਹਿੰਦ-ਖੂੰਹਦ , ਮਲਬਾ ਅਤੇ ਦਰੱਖਤਾਂ-ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਟਰੈਕਟਰ-ਟਰਾਲੀਆਂ ਤੇ ਇਲੈਕਟ੍ਰਿਕ ਵਾਹਨਾਂ ਰਾਹੀਂ ਤੁਰੰਤ ਚੁਕਵਾ ਕੇ ਢੁਕਵੇਂ ਸਥਾਨਾਂ ਤੇ ਪਹੁੰਚਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਲਈ ਇਹ 10 ਦਿਨਾ ਮੁਹਿੰਮ 8 ਸਤੰਬਰ ਤੱਕ ਨਿਰਧਾਰਤ ਰੂਟ ਪਲਾਨ ਅਨੁਸਾਰ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਨਗਰ ਨਿਗਮ ਦਿਨ-ਰਾਤ ਯਤਨਸ਼ੀਲ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਜਦੋਂ ਆਮ ਨਾਗਰਿਕ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਨੁਮਾਇੰਦੇ ਅੱਗੇ ਆ ਕੇ ਹੱਥ ਵਟਾਉਂਦੇ ਹਨ, ਤਾਂ ਕੋਈ ਵੀ ਮੁਹਿੰਮ ਵੱਡੀ ਕਾਮਯਾਬੀ ਬਣ ਜਾਂਦੀ ਹੈ। ਮੇਅਰ ਨੇ ਸਮਾਜਿਕ ਸੰਸਥਾਵਾਂ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ, ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਨਿਗਮ ਦੀਆਂ ਗੱਡੀਆਂ ਵਿੱਚ ਪਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖ ਕੇ ਮਿਸ਼ਨ ਕਲੀਨ ਪੰਜਾਬ ਵਿਚ ਆਪਣਾ ਸਰਗਰਮ ਯੋਗਦਾਨ ਪਾਉਣ।