ਮਿਸ਼ਨ ਕਲੀਨ ਪੰਜਾਬ" ਤਹਿਤ ਵਿਦਿਆਰਥੀਆਂ ਨੇ ਸੰਭਾਲੀ ਸਫ਼ਾਈ ਦੀ ਕਮਾਨ ਮਿਸ਼ਨ ਕਲੀਨ ਪੰਜਾਬ" ਤਹਿਤ ਨਗਰ ਨਿਗਮ, ਫ਼ੌਜੀ ਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਸੰਭਾਲੀ ਸਫ਼ਾਈ ਦੀ ਕਮਾਨ
Publish Date: Wed, 02 Sep 2026 05:42 PM (IST)
Updated Date: Wed, 02 Sep 2026 05:43 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਮਿਸ਼ਨ ਕਲੀਨ ਪੰਜਾਬ ਤੇ ਸਵੱਛ ਭਾਰਤ ਅਭਿਆਨ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਨੂੰ ਕੂੜਾ-ਮੁਕਤ, ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਵਿੱਢੀ ਗਈ 10 ਦਿਨਾ ਵਿਸ਼ੇਸ਼ ਸਫ਼ਾਈ ਮੁਹਿੰਮ ਲਗਾਤਾਰ ਪੂਰੇ ਉਤਸ਼ਾਹ ਨਾਲ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਵੇਰੇ ਗੁਰਬਖ਼ਸ਼ ਕਲੋਨੀ ਤੋਂ ਲੈ ਕੇ ਤਫ਼ਜ਼ਲਪੁਰਾ ਚੌਕ ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ’ਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕੌਂਸਲਰ ਮੋਹਿਤ ਮਰਵਾਹਾ, ਰਾਜਿੰਦਰ ਕੁਮਾਰ ਰਾਜੂ, ਸਮੇਤ ਹੋਰਨਾਂ ਕੌਂਸਲਰਾਂ ਤੇ ਆਪ ਆਗੂਆਂ ਨੇ ਖ਼ੁਦ ਸ਼ਮੂਲੀਅਤ ਕੀਤੀ। ਇਸ ਦੌਰਾਨ ਆਈਟੀਬੀਪੀ ਕਮਾਂਡੈਂਟ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਪਹੁੰਚੀ ਇੰਸਪੈਕਟਰ ਵਿਨੋਦ ਕੁਮਾਰ ਸਮੇਤ ਜਵਾਨਾਂ ਦੀ ਟੀਮ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥਣਾਂ, ਵੀਰ ਹਕੀਕਤ ਰਾਏ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਤੇ ਵੱਡੀ ਗਿਣਤੀ ’ਚ ਸਥਾਨਕ ਵਸਨੀਕਾਂ ਨੇ ਹੱਥਾਂ ਵਿਚ ਝਾੜੂ ਫੜ ਕੇ ਸਫ਼ਾਈ ਕਾਰਜਾਂ ਵਿਚ ਯੋਗਦਾਨ ਪਾਇਆ। ਇਸ ਮੌਕੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਪਟਿਆਲਾ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਪ੍ਰਦੂਸ਼ਣ-ਮੁਕਤ ਰੱਖਣਾ ਸਿਰਫ਼ ਨਿਗਮ ਪ੍ਰਸ਼ਾਸਨ ਦਾ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦਾ ਸਾਂਝਾ ਫ਼ਰਜ਼ ਹੈ। ਮੇਅਰ ਅਤੇ ਐਡੀਸ਼ਨਲ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ਤੇ ਕੂੜਾ ਸੁੱਟਣ ਦੀ ਬਜਾਏ ਨਿਗਮ ਦੀਆਂ ਗੱਡੀਆਂ ਵਿੱਚ ਹੀ ਕੂੜਾ ਪਾਉਣ ਅਤੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦਾ ਨੇਮ ਬਣਾਉਣ।