ਕੂੜਾ ਚੁੱਕਣ ਦੀ ਕਾਰਵਾਈ ਦੌਰਾਨ ਸਫ਼ਾਈ ਸੇਵਕਾਂ ਅਤੇ ਪੁਲਿਸ ’ਚ ਟਕਰਾਅ ਕੂੜਾ ਚੁੱਕਣ ਦੀ ਕਾਰਵਾਈ ਦੌਰਾਨ ਸਫ਼ਾਈ ਸੇਵਕਾਂ ਅਤੇ ਪੁਲਿਸ ’ਚ ਟਕਰਾਅ
Publish Date: Thu, 16 Jul 2026 05:48 PM (IST)
Updated Date: Fri, 17 Jul 2026 04:04 AM (IST)
ਸਫਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਕਈ ਹਿਰਾਸਤ ’ਚ, ਰਿਹਾਅ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਡੀਸੀ ਦੇ ਹੁਕਮਾਂ ਤੇ ਨਗਰ ਕੌਂਸਲ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਸ਼ਾਸਨ ਨੇ ਭਾਰੀ ਪੁਲਿਸ ਬਲ ਦੀ ਤਾਇਨਾਤੀ ਹੇਠ ਸਰਕਾਰੀ ਰਣਬੀਰ ਕਾਲਜ ਰੋਡ ’ਤੇ ਲੱਗੇ ਸ਼ਹਿਰ ਦੇ ਸਭ ਤੋਂ ਵੱਡੇ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਸਵੇਰ ਤੋਂ ਹੀ ਪ੍ਰਸ਼ਾਸਨ ਤੇ ਹੜਤਾਲੀ ਸਫ਼ਾਈ ਸੇਵਕਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ। ਸਫ਼ਾਈ ਸੇਵਕਾਂ ਨੇ ਹਲਕਾ ਵਿਧਾਇਕ ਦੇ ਘਰ ਅੱਗੇ ਕਰੀਬ 2 ਘੰਟੇ ਤੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਣਬੀਰ ਕਾਲਜ ਰੋਡ ਤੋਂ ਕੂੜਾ ਹਟਾਉਣ ਦਾ ਵਿਰੋਧ ਕਰਨ ’ਤੇ ਪੁਲਿਸ ਨੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ, ਲੋਕਲ ਪ੍ਰਧਾਨ ਸਮੇਤ ਕੁਝ ਸਫ਼ਾਈ ਸੇਵਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਯੂਨੀਅਨ ਦੇ ਵਿਰੋਧ ਦੇ ਚਲਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਵਿਰੋਧ ਕਰਨ ਪਹੁੰਚੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਲੋਕਲ ਪ੍ਰਧਾਨ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ, ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਸਫ਼ਾਈ ਸੇਵਕ ਹਲਕਾ ਵਿਧਾਇਕ ਦੇ ਨਿਵਾਸ ਅੱਗੇ ਪਹੁੰਚੇ ਤੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਵਿਧਾਇਕ ਦੇ ਘਰ ਵੱਲ ਜਾਂਦੇ ਹਰ ਰਸਤੇ ’ਤੇ ਬੈਰੀਕੇਡ ਲਾ ਕੇ ਸੁਰੱਖਿਆ ਤਾਇਨਾਤ ਕੀਤੀ ਹੋਈ ਸੀ, ਪਰ ਸਫ਼ਾਈ ਸੇਵਕ ਪੁਲਿਸ ਨੂੰ ਚਕਮਾ ਦੇ ਕੇ ਉੱਥੇ ਪਹੁੰਚਣ ਵਿੱਚ ਕਾਮਯਾਬ ਰਹੇ। ਇਸ ਦੌਰਾਨ ਪੁਲਿਸ ਅਤੇ ਸਫ਼ਾਈ ਸੇਵਕਾਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਦੁਪਹਿਰ 12 ਵਜੇ ਦੇ ਕਰੀਬ ਪ੍ਰਦਰਸ਼ਨ ਸਮਾਪਤ ਕਰਨ ਤੋਂ ਬਾਅਦ ਸਫ਼ਾਈ ਸੇਵਕਾਂ ਦਾ ਕਾਫ਼ਲਾ ਵਾਲਮੀਕੀ ਚੌਂਕ ਅਤੇ ਰਣਬੀਰ ਕਾਲਜ ਰੋਡ ਰਾਹੀਂ ਨਗਰ ਕੌਂਸਲ ਦਫ਼ਤਰ ਵੱਲ ਰਵਾਨਾ ਹੋਇਆ। ਰਣਬੀਰ ਕਾਲਜ ਨੇੜੇ ਕੂੜਾ ਚੁੱਕ ਰਹੇ ਬਾਹਰੀ ਕਰਮਚਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਲੋਕਲ ਪ੍ਰਧਾਨ ਅਜੈ ਬੇਦੀ ਅਤੇ ਹੋਰ ਕਰੀਬ ਅੱਧਾ ਦਰਜਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਕੀ ਸਫ਼ਾਈ ਸੇਵਕ ਪੁਲਿਸ ਵੈਨ ਅੱਗੇ ਲੇਟ ਗਏ, ਪਰ ਪੁਲਿਸ ਨੇ ਹਲਕਾ ਬਲ ਪ੍ਰਯੋਗ ਕਰਕੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ। ਇਸ ਤੋਂ ਬਾਅਦ ਸਫ਼ਾਈ ਸੇਵਕ ਰੋਸ ਮਾਰਚ ਕਰਦੇ ਹੋਏ ਨਗਰ ਕੌਂਸਲ ਦਫ਼ਤਰ ਪਹੁੰਚੇ, ਜਿੱਥੇ ਦਫ਼ਤਰ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ। ਸਥਿਤੀ ਨੂੰ ਕਾਬੂ ਕਰਨ ਲਈ ਡੀਐੱਸਪੀ ਦਲਬੀਰ ਸਿੰਘ, ਐੱਸਐੱਚਓ ਅਤੇ ਡਿਊਟੀ ਮੈਜਿਸਟ੍ਰੇਟ ਮੌਕੇ ਤੇ ਪਹੁੰਚੇ। ਸਫ਼ਾਈ ਸੇਵਕਾਂ ਨੇ ਆਪਣੇ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਅਤੇ ਸਫ਼ਾਈ ਸੇਵਕਾਂ ਵਿਚਾਲੇ ਤਿੱਖੀ ਬਹਿਸ ਹੋਈ। ਗੁੱਸੇ ਵਿੱਚ ਆਏ ਕੁਝ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਦੀ ਇਮਾਰਤ ਤੇ ਪੱਥਰ ਵੀ ਸੁੱਟੇ ਅਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ। ਸਰਕਾਰ ਜ਼ਬਰਦਸਤੀ ਕੂੜਾ ਚੁਕਵਾ ਕੇ ਹੜਤਾਲ ਤੋੜਨਾ ਚਾਹੁੰਦੀ ਹੈ : ਯੂਨੀਅਨ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਦੇ ਸਮਰਥਨ ’ਚ ਯੂਨੀਅਨ ਦੇ ਜਨਰਲ ਸਕੱਤਰ ਰਮੇਸ਼, ਸੂਬਾਈ ਸਲਾਹਕਾਰ ਕੁਲਦੀਪ ਸ਼ਰਮਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੂਪਿੰਦਰ ਸਿੰਘ ਲੌਂਗੋਵਾਲ ਅਤੇ ਡੀਐੱਮਐੱਫ ਦੇ ਮੇਘਰਾਜ ਨੇ ਕਿਹਾ ਕਿ ਸਫ਼ਾਈ ਸੇਵਕ ਪਿਛਲੇ ਨੌਂ ਦਿਨਾਂ ਤੋਂ ਹੜਤਾਲ ’ਤੇ ਹਨ, ਪਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਜ਼ਬਰਦਸਤੀ ਕੂੜਾ ਚੁਕਵਾ ਕੇ ਹੜਤਾਲ ਤੋੜਨਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧ ਕਰਨ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਰਿਹਾਅ ਕਰਨਾ ਪਿਆ।