- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
27 ਨਵੰਬਰ ਨੂੰ ਰਾਤ 8 ਵਜੇ ਪਟਿਆਲਾ 'ਚ ਹੋਵੇਗੀ ਸਿਵਲ ਡਿਫੈਂਸ ਦੀ ਮੌਕ ਡਰਿੱਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਡਿਫੈਂਸ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ 27 ਨਵੰਬਰ ਨੂੰ ਰਾਤ 8 ਵਜੇ ਪਟਿਆਲਾ ’ਚ ਮੌਕ ਡਰਿੱਲ ਕਰਵਾਈ ਜਾਵੇਗੀ। ਡੀਸੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਡਿਫੈਂਸ ਤੇ ਪੰਜਾਬ ਹੋਮ ਗਾਰਡਜ਼ ਵਿਭਾਗ ਵੱਲੋਂ ਕਰਵਾਈ ਜਾ ਰਹੀ ਮੌਕ ਡਰਿੱਲ ਦੌਰਾਨ ਏਅਰ ਰੇਡ ਚਿਤਾਵਨੀ ਤੇ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਜ਼ਿਲ੍ਹਾ ਮਾਲ ਅਫ਼ਸਰ ਕਰਮਜੋਤ ਸਿੰਘ ਨੇ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਚਿਤਾਵਨੀ ਸਾਇਰਨ ਨਾਲ ਹੋਵੇਗੀ, ਜੋ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ’ਚ ਵੱਜੇਗਾ। ਨਿਰਧਾਰਤ ਖੇਤਰ ਵਿੱਚ ਬਲੈਕਆਊਟ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ 8 ਵਜੇ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਅਤੇ ਘਰੇਲੂ ਸੁਰੱਖਿਆ ਕੈਮਰੇ ਅਤੇ ਇਨਵਰਟਰ ਵੀ 10 ਮਿੰਟ ਲਈ ਬੰਦ ਰੱਖਣ। ਹਾਲਾਂਕਿ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਸਿਵਲ ਡਿਫੈਂਸ ਦੇ ਐਡੀਸ਼ਨਲ ਕੰਟਰੋਲਰ ਗਗਨਪ੍ਰੀਤ ਸਿੰਘ ਢਿੱਲੋਂ ਅਤੇ ਚੀਫ਼ ਵਾਰਡਨ ਕੇ. ਐੱਸ. ਸੇਖੋਂ ਨੇ ਦੱਸਿਆ ਕਿ ਇਸ ਦੌਰਾਨ ਅੱਗ ਬੁਝਾਉਣ, ਸਰਚ ਐਂਡ ਰੈਸਕਿਊ, ਫਸਟ ਏਡ, ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਟ੍ਰੈਫਿਕ ਤੇ ਭੀੜ ਕੰਟਰੋਲ ਕਰਨ ਦਾ ਅਭਿਆਸ ਵੀ ਕੀਤਾ ਜਾਵੇਗਾ। ਮੌਕ ਡਰਿੱਲ ਮੁਕੰਮਲ ਹੋਣ 'ਤੇ ਦੋ ਮਿੰਟ ਤੱਕ ਉੱਚੀ ਤੇ ਨੀਵੀਂ ਪਿੱਚ ’ਚ ਸਾਇਰਨ ਵਜਾ ਕੇ 'ਆਲ ਕਲੀਅਰ' ਦਾ ਸੰਕੇਤ ਦਿੱਤਾ ਜਾਵੇਗਾ। ਜ਼ਿਲ੍ਹਾ ਮਾਲ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਅਭਿਆਸ ਹੈ। ਲੋਕ ਕਿਸੇ ਵੀ ਤਰ੍ਹਾਂ ਦੀ ਘਬਰਾਹਟ ’ਚ ਨਾ ਆਉਣ। ਇਸ ਤਰ੍ਹਾਂ ਦੀ ਮੌਕ ਡਰਿੱਲ ਪਹਿਲਾਂ ਵੀ ਡੀਐਮਡਬਲਿਊ ਖੇਤਰ ਵਿੱਚ ਕਰਵਾਈ ਜਾ ਚੁੱਕੀ ਹੈ।