ਸੀਆਈਏ ਸਟਾਫ ਮਾਹੋਰਾਣਾ ਨੇ ਨਾਜਾਇਜ਼ ਪਿਸਤੌਲ ਸਮੇਤ ਮੁਲਜ਼ਮਾਂ ਨੂੰ ਕੀਤਾ ਕਾਬੂ ਸੀਆਈਏ ਸਟਾਫ ਮਾਹੋਰਾਣਾ ਨੇ ਨਾਜਾਇਜ਼ ਪਿਸਤੌਲ ਸਮੇਤ ਮੁਲਜ਼ਮਾਂ ਨੂੰ ਕਾਬੂ ਕੀਤਾ
Publish Date: Mon, 27 Jul 2026 05:53 PM (IST)
Updated Date: Tue, 28 Jul 2026 04:04 AM (IST)
.32 ਬੋਰ ਦੇਸੀ ਪਿਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਸੱਤਪਾਲ ਕਾਲਾਬੂਲਾ/ ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਰੱਖਣ ਵਾਲੇ ਵਿਅਕਤੀਆਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ ਮਾਹੋਰਾਣਾ ਨੇ ਇੱਕ ਵਿਅਕਤੀ ਨੂੰ ਨਾਜਾਇਜ਼ .32 ਬੋਰ ਦੇਸੀ ਪਿਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਐੱਸਪੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਦੀਪਇੰਦਰਪਾਲ ਸਿੰਘ, ਉਪ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਤੇ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ ਸੀਆਈਏ ਸਟਾਫ ਮਾਹੋਰਾਣਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੂੰ ਮੁਖ਼ਬਰ ਖ਼ਾਸ ਤੋਂ ਸੂਚਨਾ ਮਿਲੀ ਸੀ ਕਿ ਅਸਲਮ ਖਾਂ ਪੁੱਤਰ ਅਬਦੁੱਲ ਮਜੀਦ ਵਾਸੀ ਪਿੰਡ ਨਾਰੋਮਾਜਰਾ ਥਾਣਾ ਅਹਿਮਦਗੜ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਲੁਧਿਆਣਾ ਤੋਂ ਬੱਸ ਰਾਹੀਂ ਰੋਹੀੜਾ ਬੱਸ ਸਟੈਂਡ ’ਤੇ ਉਤਰੇਗਾ ਤੇ ਉਸ ਕੋਲ ਨਾਜਾਇਜ਼ ਹਥਿਆਰ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਅਹਿਮਦਗੜ੍ਹ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਤੇ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ .32 ਬੋਰ ਦੇਸੀ ਪਿਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਹਥਿਆਰਾਂ ਨਾਲ ਸਬੰਧਤ 8 ਮੁਕੱਦਮੇ ਦਰਜ ਹਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸਿਆਂ ਤੇ ਬਰਾਮਦਗੀਆਂ ਦੀ ਸੰਭਾਵਨਾ ਹੈ। ਇਕ ਅਲੱਗ ਪਰਚੇ ਮੁਤਾਬਕ ਸਿਮਰਨ ਪ੍ਰੀਤ ਸਿੰਘ ਵਾਸੀ ਪਿੰਡ ਉੱਪਲਖੇੜੀ (ਉਪੋਕੀ) ਥਾਣਾ ਅਮਰਗੜ੍ਹ, ਤੋਂ ਇੱਕ ਗਲੋਕ 9 ਐੱਮਐੱਮ, ਸਮੀਰ ਉਰਫ ਬਿੱਲਾ ਵਾਸੀ ਗੜੵੀ ਤਰਖਾਣਾਂ, ਥਾਣਾ ਮਾਛੀਵਾੜਾ ਤੋਂ ਇੱਕ ਸਟਾਰ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਇੱਕ ਜਿੰਦਾ ਰੌਂਦ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਮੁਹੰਮਦ ਸਾਨ , ਸਰਹੰਦੀ ਗੇਟ, ਮਾਲੇਰਕੋਟਲਾ ਨੂੰ ਵੀ ਗ੍ਰਿਫਤਾਰ ਕੀਤਾ ਜਦੋਂ ਕਿ ਮੁਹੰਮਦ ਕਲੀਮ ਵਾਸੀ ਬਿੰਜੋਕੀ ਖੁਰਦ ਨੂੰ ਵੀ ਨਾਮਜ਼ਦ ਕੀਤਾ ਹੈ ਜਿਸ ਦੀਆਂ ਗਿਰਫਤਾਰੀ ਬਾਕੀ ਹੈ। ਵਰਨਣ ਯੋਗ ਹੈ ਕਿ ਸਿਮਰਨ ਪ੍ਰੀਤ ਸਿੰਘ ਤੇ ਪਹਿਲਾ ਵੀ 5 ਮੁਕੱਦਮੇ ਦਰਜ ਹਨ ਅਤੇ ਸਮੀਰ ਸਿੰਘ ਉਰਫ ਬਿੱਲਾ ਤੇ ਇੱਕ ਮੁਕੱਦਮਾ ਦਰਜ ਹੈ। ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਲਈ ਪੁਸ਼ਟੀ ਜਾਰੀ ਹੈ।