ਸਰਕਾਰ ਦੀ ਲਾਰੇਬਾਜ਼ ਨੀਤੀ ਖ਼ਿਲਾਫ਼ ਸੀਐੱਚਓ ਦਾ ਰੋਸ ਪ੍ਰਦਰਸ਼ਨ ਸਰਕਾਰ ਦੀ ਲਾਰੇਬਾਜ਼ ਨੀਤੀ ਖ਼ਿਲਾਫ਼ ਸੀਐੱਚਓ ਦਾ ਰੋਸ ਪ੍ਰਦਰਸ਼ਨ
Publish Date: Thu, 16 Jul 2026 04:42 PM (IST)
Updated Date: Fri, 17 Jul 2026 04:01 AM (IST)
ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਕਮਿਊਨਟੀ ਹੈਲਥ ਅਫ਼ਸਰਾਂ (ਸੀਐੱਚਓ) ਵੱਲੋਂ ਆਪਣੀਆਂ ਮੰਗਾਂ ਦੇ ਹੱਲ ਸਬੰਧੀ ਸਰਕਾਰ ਦੀ ਲਾਰੇਬਾਜ਼ ਨੀਤੀ ਦੇ ਵਿਰੋਧ ਵਿੱਚ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਿਹਤ ਸਕੱਤਰ, ਪੰਜਾਬ ਦੇ ਨਾਮ ਮੰਗ-ਪੱਤਰ ਸੌਂਪਦਿਆਂ ਮੰਗਾਂ ਦੇ ਨੋਟੀਫਿਕੇਸ਼ਨ ਬਿਨਾਂ ਹੋਰ ਦੇਰੀ ਜਾਰੀ ਕੀਤੇ ਜਾਣ। ਇਸ ਮੌਕੇ ਸੀਐੱਚਓ ਸਿੰਪਲ ਸ਼ਰਮਾ, ਸਪਿੰਦਰ ਕੌਰ, ਸੁਖਦੀਪ ਕੌਰ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਅਤੇ ਉਨ੍ਹਾਂ ਨੂੰ ਸਮਾਂਬੱਧ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਪਰੰਤੂ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਮੂਹ ਸੀਐੱਚਓ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾ ਮੰਗ ਕੀਤੀ ਕਿ ਕਮਿਊਨਟੀ ਹੈਲਥ ਅਫ਼ਸਰਾਂ ਦਾ ਰੈਗੂਲਰ ਗਰੁੱਪ-ਬੀ ਕੈਡਰ ਸੈਂਕਸ਼ਨ ਕੀਤਾ ਜਾਵੇ, ਹੋਰ ਸੂਬਿਆਂ ਦੇ ਮੁਕਾਬਲੇ ਮਿਲ ਰਹੀ 5,000 ਪ੍ਰਤੀ ਮਹੀਨਾ ਘੱਟ ਤਨਖਾਹ ਦੀ ਵਿਸੰਗਤੀ ਦੂਰ ਕਰਕੇ ਬਕਾਇਆ ਜਾਰੀ ਕੀਤੇ ਜਾਣ, ਸਾਲ 2018 ਤੋਂ ਬੰਦ ਕੀਤਾ ਗਿਆ ਲੌਇਲਟੀ ਬੋਨਸ ਮੁੜ ਜਾਰੀ ਕੀਤਾ ਜਾਵੇ, ਸੀਐਚਓ ਦੀ ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ ਅਤੇ ਨਵੇਂ ਜਾਰੀ ਕੀਤੇ ਗਏ ਗੈਰ-ਵਾਜਬ ਇੰਸੈਂਟਿਵ ਪਰਫਾਰਮੇ ਨੂੰ ਵਾਪਸ ਲੈ ਕੇ ਇਸ ਦੀ ਯੋਗ ਤਰੀਕੇ ਨਾਲ ਸਮੀਖਿਆ ਕਰਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਪੂਰੀ ਤਰ੍ਹਾਂ ਜਾਇਜ਼ ਹਨ ਅਤੇ ਵਿਭਾਗ ਵੱਲੋਂ ਵੀ ਇਨ੍ਹਾਂ ’ਤੇ ਸਕਾਰਾਤਮਕ ਰਵੱਈਆ ਅਪਣਾਇਆ ਗਿਆ ਹੈ, ਪਰ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਹੁਣ ਸੀਐੱਚਓ ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ, ਸਗੋਂ ਮੰਗਾਂ ਦੇ ਲਿਖਤੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਗਏ ਤਾਂ 20 ਜੁਲਾਈ ਨੂੰ ਪੰਜਾਬ ਭਰ ਦੇ ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹਲਕਾ ਇੰਚਾਰਜਾਂ ਨੂੰ ਵਿੱਤ ਮੰਤਰੀ ਪੰਜਾਬ ਦੇ ਨਾਮ ਮੈਮੋਰੰਡਮ ਸੌਂਪੇ ਜਾਣਗੇ। ਇਸ ਤੋਂ ਬਾਅਦ ਵੀ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 22 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਨੇੜੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕੁਲਜੀਤ ਕੌਰ, ਬੇਅੰਤ ਕੌਰ, ਪਰਮਜੀਤ ਕੌਰ, ਸਿੰਦਰਜੀਤ ਕੌਰ, ਨਰਿੰਦਰ ਕੌਰ, ਸੰਦੀਪ ਕੌਰ, ਲਖਵੀਰ ਕੌਰ, ਕੁਲਦੀਪ ਕੌਰ, ਅਮ੍ਰਿਤਪਾਲ ਕੌਰ, ਮਨਪ੍ਰੀਤ ਕੌਰ,ਹਰਜਿੰਦਰ ਕੌਰ, ਜਸਪ੍ਰੀਤ ਕੌਰ ਬੱਲਰਾਂ, ਅਮਨਦੀਪ ਕੌਰ, ਚਰਨਜੀਤ ਕੌਰ, ਸਿਰਮਨਜੀਤ ਕੌਰ, ਰਜਨੀ ਬਾਲਾ, ਜਸਵਿੰਦਰ, ਗੁਰਜੀਤ, ਮਨਦੀਪ, ਸੁਖਜੀਤ ਮੌਜੂਦ ਸਨ।