- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ-ਵਾਰਮਿੰਗ ਡੇ ਤੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਦਿੱਤੀ

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵੱਲੋਂ ਡੀ-ਵਾਰਮਿੰਗ ਡੇ ਤਹਿਤ ਬਲਾਕ ਸ਼ੇਰਪੁਰ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 2 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ। ਇਹ ਮੁਹਿੰਮ ਸੰਗਰੂਰ ਡੀਸੀ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ, ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਰਹਿਨੁਮਾਈ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰਕਾਸ਼ ਸਿੰਘ ਭਿੰਡਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਗਈ। ਬੀਈਈ ਤਰਸੇਮ ਸਿੰਘ ਹੰਢਿਆਇਆ ਨੇ ਦੱਸਿਆ ਕਿ 1 ਤੋਂ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਐਲਬੈਂਡਾਜੋਲ ਦਾ ਸਿਰਪ ਜਾਂ ਅੱਧੀ ਗੋਲੀ ਦਿੱਤੀ ਗਈ, ਜਦਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 400 ਮਿਲੀਗ੍ਰਾਮ ਦੀ ਗੋਲੀ ਖਵਾਈ ਗਈ। ਆਰਬੀਐੱਸਕੇ ਟੀਮ ਵੱਲੋਂ ਡਾ. ਸੀਮਾ ਸਿੰਗਲਾ ਦੀ ਨਿਗਰਾਨੀ ਹੇਠ ਵੱਖ-ਵੱਖ ਸਕੂਲਾਂ ਵਿੱਚ ਇਹ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਤੋਂ ਡਾ. ਅਰੁਣ ਚੌਧਰੀ ਨੇ ਸ਼ੇਰਪੁਰ ਬਲਾਕ ਦੇ ਸਕੂਲਾਂ ਵਿੱਚ ਪਹੁੰਚ ਕੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੋਮਾਜਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਦਾ ਦੌਰਾ ਕੀਤਾ। ਡਾ. ਅਰੁਣ ਚੌਧਰੀ ਨੇ ਕਿਹਾ ਕਿ ਐਲਬੈਂਡਾਜੋਲ ਦੀ ਖੁਰਾਕ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਵਿੱਚ ਸਹਾਇਕ ਹੈ। ਪੇਟ ਦੇ ਕੀੜਿਆਂ ਕਾਰਨ ਬੱਚਿਆਂ ਵਿੱਚ ਅਨੀਮੀਆ ਅਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕੀੜਿਆਂ ਤੋਂ ਬਚਾਅ ਨਾਲ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਮਦਦ ਮਿਲਦੀ ਹੈ। ਸਿਹਤ ਵਿਭਾਗ ਅਨੁਸਾਰ ਜਿਹੜੇ ਬੱਚੇ ਕਿਸੇ ਕਾਰਨ ਡੀ-ਵਾਰਮਿੰਗ ਡੇ ਮੌਕੇ ਐਲਬੈਂਡਾਜੋਲ ਦੀ ਖੁਰਾਕ ਲੈਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 17 ਅਗਸਤ ਨੂੰ ਮੌਕਅੱਪ ਡੇ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਵਿੱਚ ਜਾ ਕੇ ਦਵਾਈ ਦਿੱਤੀ ਜਾਵੇਗੀ। ਇਸ ਮੌਕੇ ਡਾ. ਸੀਮਾ ਸਿੰਗਲਾ, ਡਾ. ਰੁਬੀਨਾ, ਕੇਵਲ ਸਿੰਘ, ਬਲਵੰਤ ਕੌਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਮੀਨੂੰ ਰਾਣੀ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।