ਜੀਬੀ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਦੀਵਾਲੀ ਦੀ ਰੌਣਕ ਨੇ ਬੰਨ੍ਹਿਆ ਸਮਾਂ ਜੀਬੀ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਦਿਵਾਲੀ ਦੀ ਰੌਣਕ ਨੇ ਬੰਨ੍ਹਿਆ ਸਮਾਂ
Publish Date: Fri, 06 Nov 2026 06:19 PM (IST)
Updated Date: Fri, 06 Nov 2026 06:20 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਨਾਭਾ ਸਥਿਤ ਜੀ ਬੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖ਼ੁਸ਼ੀ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਰਚਨਾਤਮਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਦੀਵਾਲੀ ਦੇ ਮਹੱਤਵ ਤੇ ਇਸ ਨਾਲ ਜੁੜੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ ਦੀਪ ਜਗਾ ਕੇ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਨਮੋਹਕ ਸੰਗੀਤਕ ਪੇਸ਼ਕਾਰੀਆਂ, ਰੰਗਾਰੰਗ ਨਾਚ, ਕਵਿਤਾ ਉਚਾਰਨ ਤੇ ਨਾਟਕ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੱਥੇ ਇੱਕ ਪਾਸੇ ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ ਤੇ ਮਿੱਠੇ ਗੀਤਾਂ ਦੀਆਂ ਸੁੰਦਰ ਪੇਸ਼ਕਾਰੀਆਂ ਰਾਹੀਂ ਮਾਹੌਲ ਨੂੰ ਭਗਤੀਮਈ ਬਣਾਇਆ, ਉੱਥੇ ਹੀ ਦੂਜੇ ਪਾਸੇ ਨਾਟਕ ਰਾਹੀਂ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਮਾਤਾ ਕੈਕਈ ਨੇ ਆਪਣੇ ਸਿਰ ਤੇ ਕਲੰਕ ਲੈਂਦਿਆਂ ਭਗਵਾਨ ਸ੍ਰੀ ਰਾਮ ਦੇ ਚੌਦਾਂ ਸਾਲਾਂ ਦੇ ਬਣਵਾਸ ਦਾ ਰਾਹ ਪੱਧਰਾ ਕੀਤਾ, ਪਰ ਇਤਿਹਾਸ ਵਿਚ ਉਨ੍ਹਾਂ ਨੂੰ ਅਕਸਰ ਨਕਾਰਾਤਮਕ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ, ਜਿਨ੍ਹਾਂ ਵਿੱਚ ਦੀਵਾ ਪੇਂਟਿੰਗ , ਤੋਰਨ ਮੇਕਿੰਗ , ਸ਼ੁਭ-ਲਾਭ ਹੈਂਗਿੰਗ ਅਤੇ ਬੈਸਟ ਆਊਟ ਆਫ਼ ਵੇਸਟ ਦੀਆਂ ਵਸਤੂਆਂ ਤਿਆਰ ਕਰਨ ਦੇ ਮੁਕਾਬਲੇ ਪ੍ਰਮੁੱਖ ਸਨ। ਇਸ ਦੇ ਨਾਲ ਹੀ ਇੰਟਰ-ਹਾਊਸ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਮਾਰਸ ਹਾਊਸ ਨੇ ਪਹਿਲਾ, ਅਰਥ ਹਾਊਸ ਨੇ ਦੂਜਾ, ਜਦਕਿ ਵੀਨਸ ਹਾਊਸ ਅਤੇ ਨੈਪਚੂਨ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤਪਾਲ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।