- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਤਹਿਤ ਆਯੋਜਿਤ ਵਿਸ਼ਾਲ ਜਾਗਰਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਸਮਾਜਿਕ ਸਾਂਝ ਅਤੇ ਭਾਈਚਾਰਕ ਸਦਭਾਵਨਾ 'ਤੇ ਜ਼ੋਰ ਦਿੰਦਿਆਂ ਇੱਕ ਵੱਡਾ ਸੰਦੇਸ਼ ਦਿੱਤਾ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਤਹਿਤ ਆਯੋਜਿਤ ਵਿਸ਼ਾਲ ਜਾਗਰਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਸਮਾਜਿਕ ਸਾਂਝ ਅਤੇ ਭਾਈਚਾਰਕ ਸਦਭਾਵਨਾ 'ਤੇ ਜ਼ੋਰ ਦਿੰਦਿਆਂ ਇੱਕ ਵੱਡਾ ਸੰਦੇਸ਼ ਦਿੱਤਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਹੀ ਉਪਜਾਊ ਅਤੇ ਪਵਿੱਤਰ ਹੈ, ਜਿੱਥੇ ਹਰ ਤਰ੍ਹਾਂ ਦਾ ਬੀਜ ਪੁੰਗਰ ਜਾਂਦਾ ਹੈ, ਪਰ ਇੱਥੇ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਉੱਗ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਆਪਸੀ ਅਤੇ ਸਮਾਜਿਕ ਸਬੰਧ ਇੰਨੇ ਮਜ਼ਬੂਤ ਹਨ ਕਿ ਕੋਈ ਵੀ ਮਾੜੀ ਸੋਚ ਇਨ੍ਹਾਂ ਵਿੱਚ ਤਰੇੜਾਂ ਨਹੀਂ ਪਾ ਸਕਦੀ।
ਸੂਬੇ ਦੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਬੁਰਾਈ ਜਾਂ ਸ਼ਰਾਰਤੀ ਅਨਸਰ ਸਾਨੂੰ ਆਪਸ ਵਿੱਚ ਲੜਾਉਣ ਜਾਂ ਸਾਡੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੇ। ਪੰਜਾਬ ਇੱਕ ਅਜਿਹਾ ਗੁਲਦਸਤਾ ਹੈ ਜਿੱਥੇ ਸੰਗਰਾਂਦ, ਹਨੂੰਮਾਨ ਜਯੰਤੀ, ਰਾਮ ਨੌਮੀ, ਈਦ ਅਤੇ ਸ਼ਹੀਦੀ ਸਮਾਗਮ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਅਤੇ ਸਾਂਝੇ ਤੌਰ 'ਤੇ ਮਨਾਉਂਦੇ ਹਨ। ਸਾਡਾ ਸਭ ਦਾ ਇੱਕੋ-ਇੱਕ ਸਾਂਝਾ ਮਨੋਰਥ ਹੈ ਅਤੇ ਅਸੀਂ ਸਭ ਨੇ ਮਿਲ ਕੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣਾ ਹੈ।
ਇਸ ਅਧਿਆਤਮਕ ਸ਼ਾਮ ਦੌਰਾਨ ਵਿਸ਼ਵ ਪ੍ਰਸਿੱਧ ਭਜਨ ਗਾਇਕ ਹੰਸ ਰਾਜ ਰਘੂਵੰਸ਼ੀ ਨੇ ਆਪਣੀ ਬੁਲੰਦ ਅਤੇ ਰੂਹਾਨੀ ਆਵਾਜ਼ ਵਿੱਚ ਭਗਵਾਨ ਸ਼ਿਵ ਦੇ ਭਜਨਾਂ ਦਾ ਗੁਣਗਾਨ ਕੀਤਾ। ਉਨ੍ਹਾਂ ਦੇ ਭਕਤੀਮਈ ਗੀਤਾਂ ਅਤੇ ਭਜਨਾਂ ਨੇ ਸਮੁੱਚੇ ਮਾਹੌਲ ਨੂੰ ਸ਼ਿਵ ਭਗਤੀ ਵਿੱਚ ਲੀਨ ਕਰ ਦਿੱਤਾ। ਜਾਗਰਣ ਵਿੱਚ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਭੂ ਭਗਤੀ ਦਾ ਅਨੰਦ ਮਾਣਿਆ ਅਤੇ ਪੂਰਾ ਪੰਡਾਲ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਇਸ ਸਮਾਗਮ ਨੇ ਨਾ ਕੇਵਲ ਧਾਰਮਿਕ ਆਸਥਾ ਨੂੰ ਬਲ ਦਿੱਤਾ, ਸਗੋਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਪ੍ਰਣ ਨੂੰ ਵੀ ਦੁਹਰਾਇਆ।