ਕੈਮਿਸਟਾਂ ਨੇ ਹਰਪਾਲ ਚੀਮਾ ਨੂੰ ਸੌਂਪਿਆ ਮੰਗ ਪੱਤਰ ਕੈਮਿਸਟਾਂ ਨੇ ਹਰਪਾਲ ਚੀਮਾ ਨੂੰ ਸੌਂਪਿਆ ਮੰਗ ਪੱਤਰ
Publish Date: Mon, 03 Aug 2026 03:54 PM (IST)
Updated Date: Tue, 04 Aug 2026 04:01 AM (IST)
ਪੁਰਾਣੀ ਡਰੱਗ ਪਾਲਿਸੀ ਚ ਬਦਲਾਅ ਦੀ ਕੀਤੀ ਮੰਗ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਏਆਈਓਸੀਡੀ ਨਾਲ ਸਬੰਧਤ ਸੰਗਰੂਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਐਤਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਤ ਕਰਕੇ ਮੰਗ ਪੱਤਰ ਸੌਂਪਿਆ। ਇਸ ਦੌਰਾਨ ਐਸੋਸੀਏਸ਼ਨ ਨੇ ਦਵਾਈ ਵਿਕਰੇਤਾਵਾਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਵਧੀਕ ਜਨਰਲ ਸਕੱਤਰ ਸ਼ਸ਼ੀ ਭੂਸ਼ਨ ਗੋਇਲ ਦੀ ਅਗਵਾਈ ਹੇਠ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਵਿੱਚ 27,000 ਤੋਂ ਵੱਧ ਕੈਮਿਸਟ ਕੰਮ ਕਰ ਰਹੇ ਹਨ। ਇਹਨਾਂ ਦੁਕਾਨਾਂ ਤੇ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸੇ ਕਾਰੋਬਾਰ ਤੇ ਨਿਰਭਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਮਿਸਟ ਭਾਈਚਾਰਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ, ਪਰ ਪੁਰਾਣੀ ਸੋਧੀ ਹੋਈ ਡਰੱਗ ਪਾਲਿਸੀ ਦੇ ਸਖ਼ਤ ਨਿਯਮਾਂ ਕਾਰਨ ਸੂਬੇ ਭਰ ਵਿੱਚ ਦੁਕਾਨਾਂ ਬੰਦ ਹੋਣ ਦੀ ਨੌਬਤ ਆ ਗਈ ਹੈ। ਜੇਕਰ ਜਲਦ ਹੀ ਇਹਨਾਂ ਨਿਯਮਾਂ ਵਿੱਚ ਸੁਧਾਰ ਨਾ ਕੀਤਾ ਗਿਆ, ਤਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਮਿਲਣੀਆਂ ਮੁਸ਼ਕਿਲ ਹੋ ਜਾਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸਿਹਤ ਮੰਤਰੀ ਨਾਲ ਪਹਿਲਾਂ ਹੋਈ ਗੱਲਬਾਤ ਅਨੁਸਾਰ ਪੁਰਾਣੀ ਡਰੱਗ ਪਾਲਿਸੀ ਵਿੱਚ ਤੁਰੰਤ ਸੋਧ ਕੀਤੀ ਜਾਵੇ। ਜਨ ਔਸ਼ਧੀ ਦੁਕਾਨਾਂ ਦੇ ਕੰਮਕਾਜ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ। ਲਾਜ਼ਮੀ ਸ਼ਡਿਊਲ ਐਚ -1 ਰਜਿਸਟਰ ਬਣਾਏ ਰੱਖਣ ਦੀ ਔਖੀ ਵਿਵਸਥਾ ਨੂੰ ਖ਼ਤਮ ਕੀਤਾ ਜਾਵੇ। ਗ਼ੈਰ-ਕਾਨੂੰਨੀ ਐਪਸ ਰਾਹੀਂ ਵੇਚੀਆਂ ਜਾ ਰਹੀਆਂ ਆਨਲਾਈਨ ਦਵਾਈਆਂ ਦੀ ਸਪਲਾਈ ਤੇ ਸਖ਼ਤ ਚੈਕਿੰਗ ਕੀਤੀ ਜਾਵੇ। ਫਾਰਮਾਸਿਸਟਾਂ ਦੇ ਲਾਇਸੈਂਸ ਨਵੀਨੀਕਰਨ ਨਾਲ ਸਬੰਧਤ ਮੁਸ਼ਕਿਲਾਂ ਦਾ ਪੱਕਾ ਹੱਲ ਕੀਤਾ ਜਾਵੇ। ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਇਸ ਗੰਭੀਰ ਮੁੱਦੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸਾਹਮਣੇ ਮਜ਼ਬੂਤੀ ਨਾਲ ਚੁੱਕਣ, ਤਾਂ ਜੋ ਕੈਮਿਸਟਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਦੀਪਕ ਮਿੱਤਲ ਅਤੇ ਵਿਨੋਦ ਕੁਮਾਰ ਵੀ ਹਾਜ਼ਰ ਸਨ।