ਵਿਭਾਗ ਵੱਲੋਂ ਦੋ ਮੈਡੀਕਲ ਸਟੋਰਾਂ ਦੀ ਜਾਂਚ, ਖਰੀਦ-ਵੇਚ ਦੇ ਰਿਕਾਰਡ ’ਚ ਖਾਮੀਆਂ ਵਿਭਾਗ ਵੱਲੋਂ ਦੋ ਮੈਡੀਕਲ ਸਟੋਰਾਂ ਦੀ ਜਾਂਚ, ਖਰੀਦ-ਵੇਚ ਦੇ ਰਿਕਾਰਡ ਵਿੱਚ ਖਾਮੀਆਂ
Publish Date: Tue, 27 Oct 2026 05:58 PM (IST)
Updated Date: Tue, 27 Oct 2026 06:01 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਮਾਨਸਾ ਵਿਖੇ ਨਸ਼ਾ ਰੋਕੂ ਮੁਹਿਮ ਚਲਾਉਣ ਵਾਲੇ ਪਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਨਸ਼ਿਆਂ ਖ਼ਿਲਾਫ਼ ਉਠੇ ਲੋਕ ਰੋਹ ਦੇ ਮੱਦੇਨਜ਼ਰ ਡਰੱਗ ਕੰਟਰੋਲ ਵਿਭਾਗ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਜ਼ਿਲ੍ਹੇ ਭਰ ’ਚ ਮੈਡੀਕਲ ਸਟੋਰਾਂ ’ਤੇ ਚੈਕਿੰਗਾਂ ਦਾ ਦੌਰ ਜਾਰੀ ਹੈ। ਇਸੇ ਲੜੀ ਤਹਿਤ ਕੀਤੀ ਗਈ ਚੈਕਿੰਗ ਦੌਰਾਨ ਦੋ ਮੈਡੀਕਲ ਸਟੋਰਾਂ ’ਤੇ ਖਾਮੀਆਂ ਪਾਈਆ ਜਾਣ ਕਾਰਨ ਵਿਭਾਗ ਵੱਲੋਂ ਤਿੰਨ ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਜ਼ੋਨਲ ਲਾਇਸੈਂਸਿੰਗ ਅਥਾਰਟੀ ਪਟਿਆਲਾ ਨਵਜੋਤ ਕੌਰ ਨੇ ਦੱਸਿਆ ਕਿ ਇਕ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਸਥਿਤ ਮੈਡੀਕਲ ਸਟੋਰ ਦੀ ਡਰੱਗ ਕੰਟਰੋਲ ਅਫ਼ਸਰਾਂ ਪਟਿਆਲਾ-1, 2 ਅਤੇ 3 ਵੱਲੋਂ ਸਾਂਝੇ ਤੌਰ ਤੇ ਜਾਂਚ ਕੀਤੀ ਗਈ। ਇਸ ਦੌਰਾਨ ਕੁਝ ਆਮ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਅਤੇ ਖਰੀਦ-ਵੇਚ ਦੇ ਰਿਕਾਰਡ ਵਿੱਚ ਖਾਮੀਆਂ ਹੋਣ ਕਾਰਨ, ਤਿੰਨ ਤਰ੍ਹਾਂ ਦੀਆਂ ਦਵਾਈਆਂ ਜਿਨ੍ਹਾਂ ਦੀ ਕੁੱਲ ਕੀਮਤ 2,400 ਰੁਪਏ ਹੈ, ਨੂੰ ਫਾਰਮ 16 ਤਹਿਤ ਜ਼ਬਤ ਕੀਤਾ ਗਿਆ। ਨਵਜੋਤ ਕੌਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦਵਾਈਆਂ ਨਾਲ ਸਬੰਧਤ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ’ਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਡਰੱਗ ਕੰਟਰੋਲ ਅਫ਼ਸਰਾਂ- ਪਟਿਆਲਾ-1 ਅਤੇ ਪਟਿਆਲਾ-2 - ਨੇ ਥਾਣਾ ਸਦਰ ਨਾਭਾ ਦੀ ਪੁਲਿਸ ਟੀਮ ਨਾਲ ਮਿਲ ਕੇ, ਪਿੰਡ ਅਲੌਹਰਾਂ ਸਥਿਤ ਇੱਕ ਮੈਡੀਕੋਜ ਦੀ ਦੁਕਾਨ ਦੀ ਜਾਂਚ ਕੀਤੀ। ਇਹ ਜਾਂਚ ਥਾਣਾ ਸਦਰ ਨਾਭਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22, ਬੀਐਨਐਸ ਦੀ ਧਾਰਾ 223 ਅਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 27/61/85 ਤਹਿਤ ਦਰਜ ਇੱਕ ਐਫਆਈਆਰ ਦੇ ਪੜਤਾਲ ਦੇ ਹਿੱਸੇ ਵਜੋਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਆਮ ਨਿਯਮਾਂ ਦੀ ਉਲੰਘਣਾ ਪਾਈ ਗਈ। ਹਾਲਾਂਕਿ, ਜਾਂਚ ਦੇ ਸਮੇਂ ਉੱਥੇ ਕੋਈ ਵੀ ਨਸ਼ਾ-ਆਦਤ ਪਾਉਣ ਵਾਲੀਆਂ ਦਵਾਈਆਂ ਨਹੀਂ ਮਿਲੀਆਂ।ਜ਼ੋਨਲ ਲਾਇਸੈਂਸਿੰਗ ਅਥਾਰਟੀ ਨੇ ਦੁਹਰਾਇਆ ਕਿ ਡਰੱਗ ਕੰਟਰੋਲ ਵਿਭਾਗ ਦਵਾਈਆਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ਤੇ ਢੁਕਵੀਂ ਕਾਰਵਾਈ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਵਾਲੀਆਂ ਜੀਵਨ ਰੱਖਿਅਕ ਦਵਾਈਆਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।