- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਡੀਗੜ੍ਹ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਇੱਕ ਬਹੁਤ ਵੱਡਾ ਅਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਕੁਸ਼ਲਤਾ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਚੰਡੀਗੜ੍ਹ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਇੱਕ ਬਹੁਤ ਵੱਡਾ ਅਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਹਾਲ ਹੀ ਵਿੱਚ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਕੁਸ਼ਲਤਾ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ। ਬਿਨਾਂ ਕਿਸੇ ਜ਼ਮੀਨੀ ਪੜਤਾਲ ਅਤੇ ਮੁੱਢਲੀ ਜਾਂਚ ਦੇ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਪੂਰੇ ਪ੍ਰਸ਼ਾਸਨਿਕ ਸਿਸਟਮ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।
ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਆਗੂ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 29 ਜੁਲਾਈ 2026 ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ ਇੱਕ ਵੱਡਾ ਇਕੱਠ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਤੋਂ ਬਾਅਦ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਚੰਡੀਗੜ੍ਹ ਪੁਲਿਸ ਦੇ ਥਾਣਾ ਸੈਕਟਰ 49 ਵਿੱਚ ਐੱਫ.ਆਈ.ਆਰ. ਨੰਬਰ 43 ਦਰਜ ਕੀਤੀ ਗਈ।
ਇਸ ਪੂਰੀ ਕਾਰਵਾਈ ਦਾ ਸਭ ਤੋਂ ਹੈਰਾਨ ਕਰਨ ਵਾਲਾ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਪੁਲਿਸ ਨੇ ਇਸ ਅਪਰਾਧਿਕ ਕੇਸ ਵਿੱਚ ਪੰਜਾਬ ਦੇ ਪੂਰਬ ਪੀਡਬਲਯੂਡੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਜਾਇਬ ਸਿੰਘ ਮੁਖਮੇਲਪੁਰ ਨੂੰ ਵੀ ਨਾਮਜ਼ਦ ਕਰ ਦਿੱਤਾ ਹੈ। ਜਦਕਿ ਸੱਚਾਈ ਇਹ ਹੈ ਕਿ ਅਜਾਇਬ ਸਿੰਘ ਮੁਖਮੈਲਪੁਰ ਦਾ ਲਗਪਗ ਡੇਢ ਸਾਲ ਪਹਿਲਾਂ ਯਾਨੀ 4 ਜਨਵਰੀ 2025 ਨੂੰ ਹੀ ਦੇਹਾਂਤ ਹੋ ਚੁੱਕਿਆ ਹੈ।
ਇਸ ਦੁਨੀਆ ਵਿੱਚ ਮੌਜੂਦ ਨਾ ਹੋਣ ਦੇ ਬਾਵਜੂਦ ਇੱਕ ਮ੍ਰਿਤਕ ਵਿਅਕਤੀ 'ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਗੰਭੀਰ ਧਾਰਾਵਾਂ (ਜਿਵੇਂ ਕਿ ਧਾਰਾ 121(1), 132 ਅਤੇ 223) ਤਹਿਤ ਐੱਫਆਈਆਰ ਦਰਜ ਕਰ ਦੇਣਾ ਪੁਲਿਸ ਵਿਭਾਗ ਦੇ ਸੁਸਤ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦਾ ਹੈ।
ਇਸ ਪੂਰੇ ਮਾਮਲੇ ਦੇ ਸੁਰਖੀਆਂ ਵਿੱਚ ਆਉਣ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ, ਜਦੋਂ ਘਨੌਰ ਤੋਂ ਸਾਬਕਾ ਵਿਧਾਇਕ ਅਤੇ ਦਿਵੰਗਤ ਅਜਾਇਬ ਸਿੰਘ ਮੁਖਮੇਲਪੁਰ ਦੀ ਧਰਮਪਤਨੀ ਬੀਬੀ ਹਰਪ੍ਰੀਤ ਕੌਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਦੇ ਇਸ ਕਦਮ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਖ਼ਤ ਰੋਹ ਜਤਾਇਆ।
ਬੀਬੀ ਹਰਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਸਾਫ਼ ਸ਼ਬਦਾਂ ਵਿੱਚ ਆਖਿਆ ਕਿ ਇਹ ਚੰਡੀਗੜ੍ਹ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਾਲਾਇਕੀ ਅਤੇ ਘੋਰ ਲਾਪਰਵਾਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਮੁੱਢਲੀ ਜਾਂਚ, ਬਿਨਾਂ ਕਿਸੇ ਜ਼ਮੀਨੀ ਪੜਤਾਲ ਅਤੇ ਬਿਨਾਂ ਸੋਚੇ-ਸਮਝੇ ਇਹ ਐੱਫ.ਆਈ.ਆਰ. ਮੇਜ਼ 'ਤੇ ਬੈਠ ਕੇ ਹੀ ਦਰਜ ਕਰ ਦਿੱਤੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਉਨ੍ਹਾਂ ਦੇ ਪਰਿਵਾਰ ਦਾ ਅਤੇ ਨਾ ਹੀ ਉਨ੍ਹਾਂ ਦੇ ਮਰਹੂਮ ਪਤੀ ਦਾ ਇਸ ਪ੍ਰਦਰਸ਼ਨ ਜਾਂ ਇਸ ਸਿਆਸੀ ਸਰਗਰਮੀ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਹੈ ਅਤੇ ਨਾ ਹੀ ਉਹ ਕਦੇ ਅਜਿਹੀ ਕਿਸੇ ਗਤੀਵਿਧੀ ਦਾ ਹਿੱਸਾ ਰਹੇ ਹਨ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਜ੍ਹਿਨਾਂ ਨੂੰ ਦੁਨੀਆ ਛੱਡੇ ਹੋਏ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ, ਪੁਲਿਸ ਰਿਕਾਰਡ ਵਿੱਚ ਉਸ ਨੂੰ ਅੱਜ ਵੀ ਮੌਜੂਦਾ ਹਾਲਾਤ ਵਿੱਚ ਅਪਰਾਧੀ ਦਿਖਾਉਣਾ ਕਾਨੂੰਨ ਵਿਵਸਥਾ ਦੀ ਗੰਭੀਰ ਖਾਮੀ ਨੂੰ ਦਰਸਾਉਂਦਾ ਹੈ।ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਆਖਿਆ ਕਿ ਉਹ ਇਸ ਮਾਮਲੇ ਸਬੰਧੀ ਚੰਡੀਗੜ੍ਹ ਦੇ ਐੱਸਐੱਸਪੀ ਨਾਲ ਗੱਲਬਾਤ ਕਰਕੇ ਇਸ ਕੇਸ ਦੀ ਗਹਿਰਾਈ ਤੱਕ ਜਾਣਗੇ ਕਿ ਇੱਕ ਮ੍ਰਿਤਕ ਵਿਅਕਤੀ ਤੇ ਕਿਵੇਂ ਐੱਫਆਈਆਰ ਦਰਜ ਹੋ ਸਕਦੀ ਹੈ ਜਦੋਂ ਕਿ ਉਨਾਂ ਦੀ ਮੌਤ ਹੋਇਆ ਨੂੰ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ।