ਵਾਤਾਵਰਣ ਦੀ ਸੁਰੱਖਿਆ ਲਈ ਸਖ਼ਤ ਕਦਮ: ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਵਰਤਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਕੀਤੀ ਸਖ਼ਤ ਕਾਰਵਾਈ, ਕੱਟੇ ਗਏ ਚਲਾਨ ਨਗਰ ਨਿਗਮ ਵਲੋਂ ਸਿੰਗਲ ਯੂਜ਼ ਪਲਾਸਟਿਕ ਤੇ ਬੈਨ ਹੋਏ ਪਲਾਸਟਿਕ ਲਿਫ਼ਾਫ਼ਿਆਂ ਦੇ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਅੱਜ ਨਗਰ ਨਿਗਮ ਦੀ ਜਾਂਚ ਟੀਮ ਵੱਲੋਂ ਸਨੌਰੀ ਅੱਡਾ ਇਲਾਕੇ ’ਚ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਮੌਕੇ ’ਤੇ ਹੀ 12 ਚਲਾਨ ਕੱਟੇ ਗਏ।
Publish Date: Thu, 06 Aug 2026 11:16 AM (IST)
Updated Date: Thu, 06 Aug 2026 11:18 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਵਲੋਂ ਸਿੰਗਲ ਯੂਜ਼ ਪਲਾਸਟਿਕ ਤੇ ਬੈਨ ਹੋਏ ਪਲਾਸਟਿਕ ਲਿਫ਼ਾਫ਼ਿਆਂ ਦੇ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਅੱਜ ਨਗਰ ਨਿਗਮ ਦੀ ਜਾਂਚ ਟੀਮ ਵੱਲੋਂ ਸਨੌਰੀ ਅੱਡਾ ਇਲਾਕੇ ’ਚ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਮੌਕੇ ’ਤੇ ਹੀ 12 ਚਲਾਨ ਕੱਟੇ ਗਏ।
ਇਹ ਕਾਰਵਾਈ ਸੈਨੇਟਰੀ ਅਫ਼ਸਰ ਨਵਦੀਪ ਸ਼ਰਮਾ ਦੀ ਦੇਖ-ਰੇਖ ਹੇਠ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਤੇ ਸੈਨੇਟਰੀ ਸੁਪਰਵਾਈਜ਼ਰ ਕੁਲਦੀਪ ਰੱਤਾ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ। ਚੈਕਿੰਗ ਦੌਰਾਨ ਨਿਗਮ ਦੀ ਟੀਮ ਨੇ ਬਾਜ਼ਾਰ ’ਚ ਦੁਕਾਨਾਂ ਤੇ ਖੋਖਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ, ਜਿੱਥੋਂ ਬੈਨ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਹੋਏ। ਟੀਮ ਵੱਲੋਂ ਮੌਕੇ ’ਤੇ ਪਲਾਸਟਿਕ ਜ਼ਬਤ ਕਰਦਿਆਂ ਸਬੰਧਿਤ ਵਿਅਕਤੀਆਂ ਦੇ ਕਾਨੂੰਨ ਮੁਤਾਬਕ ਚਲਾਨ ਕੱਟੇ ਗਏ। ਇਸ ਮੌਕੇ ਸੈਨੇਟਰੀ ਅਫ਼ਸਰ ਨਵਦੀਪ ਸ਼ਰਮਾ ਤੇ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਵਾਤਾਵਰਣ ਤੇ ਨਾਲੀਆਂ ਦੇ ਨਿਕਾਸ ਸਿਸਟਮ ਲਈ ਬਹੁਤ ਵੱਡਾ ਖ਼ਤਰਾ ਹਨ।
ਨਗਰ ਨਿਗਮ ਵੱਲੋਂ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਜੋ ਲੋਕ ਬੈਨ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਇਹ ਸਖ਼ਤੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਨਿਗਮ ਟੀਮ ਨੇ ਸਮੂਹ ਦੁਕਾਨਦਾਰਾਂ, ਵਪਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਬੰਦ ਕਰਨ ਤੇ ਆਸੇ ਪਾਸੇ ਕੂੜਾ ਸੁੱਟਣ ਦੀ ਬਜਾਏ ਆਪਣੀਆਂ ਦੁਕਾਨਾਂ ਜਾਂ ਸ਼ੋ ਰੂਮਾਂ ਦੇ ਬਾਹਰ ਡਸਟਬਿਨ ਜ਼ਰੂਰੁ ਲਗਾਉਣ। ਉਨ੍ਹਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਉਹ ਬਾਜ਼ਾਰ ’ਚ ਖ਼ਰੀਦਦਾਰੀ ਕਰਨ ਆਉਣ ਤਾਂ ਆਪਣੇ ਨਾਲ ਕੱਪੜੇ ਜਾਂ ਜੂਟ ਦੇ ਥੈਲੇ ਜ਼ਰੂਰ ਲੈ ਕੇ ਆਉਣ, ਤਾਂ ਜੋ ਪਟਿਆਲਾ ਨੂੰ ਪਲਾਸਟਿਕ ਮੁਕਤ ਤੇ ਸਾਫ਼-ਸੁਥਰਾ ਬਣਾਇਆ ਜਾ ਸਕੇ।