- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੋਹਨਜੀਤ ਸਿੰਘ ਦਾ ਜਾਣਿਆ ਹਾਲ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੰਗਲਵਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਦੇ ਵਸਨੀਕ ਮੋਹਨਜੀਤ ਸਿੰਘ ਨਾਲ ਮੁਲਾਕਾਤ ਕੀਤੀ। ਚੇਅਰਮੈਨ ਹਰਜੀਤ ਗਰੇਵਾਲ ਨੇ ਮੋਹਨਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਘਟਨਾ ਸਬੰਧੀ ਵਿਸਥਾਰਿਕ ਜਾਣਕਾਰੀ ਹਾਸ਼ਲ ਕੀਤੀ ਤੇ ਇਨਸਾਫ ਦਾ ਭਰੋਸਾ ਦਿੱਤਾ। ਉਪਰੰਤ ਪ੍ਰੈਸਕਾਨਫੰਰਸ ਦੌਰਾਨ ਜਾਣਕਾਰੀ ਦਿੰਦਿਆ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ੇਰੋਂ ਪਿਡ ਦੇ ਮੋਹਨਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਮਿਸ਼ਨ ਨੂੰ ਸਿਕਾਇਤ ਭੇਜੀ ਸੀ, ਜਿਸ ਸਬੰਧੀ ਅੱਜ ਉਹ ਖੁਦ ਮੋਹਨਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਲਈ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਸਾਹਮਣੇ ਪੀੜਿਤ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ’ਚ ਕਥਿਤ ਕੁੱਟਮਾਰ, ਹਿਰਾਸਤ ਦੌਰਾਨ ਕੀਤੇ ਗਏ ਅਣ-ਮਨੱਖੀ ਵਤੀਰੇ ਅਤੇ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਵਿਅਕਤੀ ਦੀ ਧਾਰਮਿਕ ਪਛਾਣ ਨੂੰ ਢਾਹ ਲਗਾਉਣ ਦੇ ਲਗਾਏ ਗਏ ਦੋਸ਼ ਗੰਭੀਰ ਹਨ, ਜਿਨ੍ਹਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ 10 ਦਿਨਾਂ ਦੇ ਅੰਦਰ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਬੰਧਤ ਅਧਿਕਾਰੀ ਇਨ੍ਹਾਂ ਦੋਸ਼ਾਂ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਬੱਧ ਜਾਂਚ ਯਕੀਨੀ ਬਣਾਉਣਗੇ ਅਤੇ ਸਾਰੇ ਸਬੰਧਤ ਤੱਥ ਅਤੇ ਰਿਕਾਰਡ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨਗੇ। ਚੇਅਰਮੈਨ ਹਰਜੀਤ ਗਰੇਵਾਲ ਨੇ ਆਖਿਆ ਕਿ ਇਸ ਘਟਨਾ ਬਾਰੇ ਸਬੰਧਤ ਆਈਪੀਐਸ ਅਧਿਕਾਰੀ (ਐਸਐਸਪੀ) ਜਿੰਮੇਵਾਰ ਹੈ, ਜਿਸ ਸਬੰਧੀ ਕਮਿਸ਼ਨ ਦੀ ਬੈਠਕ ਕਰਕੇ ਯੂਪੀਐਸਸੀ ਨੂੰ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਬੰਧਿਤ ਸਾਰੇ ਅਧਿਕਾਰੀਆਂ ’ਤੇ ਪਰਚਾ ਦਰਜ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਸਬੰਧੀ ਕਮਿਸ਼ਨ ਵੀ ਆਪਣੀ ਸਿਫਾਰਿਸ਼ ਗ੍ਰਹਿ ਵਿਭਾਗ ਨੂੰ ਕਰੇਗਾ। ਉਨ੍ਹਾਂ ਨੇ ਆਖਿਆ ਕਿ ਪੀੜਤ ਵੱਲੋਂ ਉਨ੍ਹਾਂ ਨੂੰ ਲਿਖਤੀ ਸਿਕਾਇਤ ਸੋਂਪੀ ਹੈ ਕਿ ਉਨ੍ਹਾਂ ਦਾ ਇਲਾਜ ਸਹੀ ਨਹੀਂ ਹੋ ਰਿਹਾ ਤੇ ਉਨ੍ਹਾਂ ਪੀਜੀਆਈ ਜਾਂ ਹੋਰ ਸੰਸਥਾ ਤੋਂ ਇਲਾਜ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਸਬੰਧੀ ਵੀ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਇਸ ਦੌਰਾਨ ਮੋਹਨਜੀਤ ਸਿੰਘ ਨੇ ਦੱਸਿਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਮਾਮਲਾ ਗ੍ਰਹਿ ਮੰਤਰੀ ਦੇ ਧਿਆਨ ’ਚ ਹੈ ਤੇ ਇਨਸਾਫ ਜਰੂਰ ਦਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਵੀ ਡਾਕਟਰੀ ਟੀਮਾਂ ਵੱਲੋਂ ਉਸਦੇ ਟੈਸਟ ਕੀਤੇ ਗਏ ਹਨ। ਇਸ ਦੌਰਾਨ ਬੀਜੇਪੀ ਦੇ ਆਗੂ ਜੈਇੰਦਰ ਕੌਰ, ਦਮਨ ਬਾਜਵਾ, ਗੁਰਜੀਤ ਸਿੰਘ ਕੋਹਲੀ ਸਮੇਤ ਹੋਰ ਵੀ ਮੌਜੂਦ ਸਨ।