- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨ ਵਿੱਚ ਹੋਏ ਸਮਾਗਮ ਦੌਰਾਨ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪ੍ਰਾਪਤ ਕੀਤਾ ਪੁਰਸਕਾਰ

ਭਾਰਤ ਭੂਸ਼ਨ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਮੰਡੀ ਬੋਰਡ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪ੍ਰਾਪਤੀ ਕਰਦਿਆਂ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ (ਡਬਲਿਊ.ਯੂ.ਡਬਲਿਊ.ਐੱਮ.) ਦਾ ਮੇਜਰ ਇਨੋਵੇਸ਼ਨ ਐਵਾਰਡ ਜਿੱਤ ਕੇ ਇਤਿਹਾਸ ਰਚਿਆ ਹੈ। ਚੀਨ ਦੇ ਤਿਆਨਜਿਨ ਵਿਖੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਡਾ. ਜੇ.ਐੱਸ. ਯਾਦਵ, ਐੱਮ.ਡੀ. ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ਵੀ ਮੌਜੂਦ ਸਨ। ਇਹ ਪਹਿਲੀ ਵਾਰ ਹੈ ਜਦੋਂ ਡਬਲਿਊ.ਯੂ.ਡਬਲਿਊ.ਐੱਮ. ਦੇ ਇਤਿਹਾਸ ਵਿੱਚ ਭਾਰਤ ਦੇ ਕਿਸੇ ਮੰਡੀ ਬੋਰਡ ਨੂੰ ਇਹ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ। ਪੰਜਾਬ ਨੂੰ ਇਹ ਐਵਾਰਡ ਸਮਾਰਟ, ਟਿਕਾਊ ਅਤੇ ਊਰਜਾ-ਕੁਸ਼ਲ ਥੋਕ ਮੰਡੀਆਂ ਵਿਕਸਤ ਕਰਨ ਲਈ ਕੀਤੀਆਂ ਨਵੀਨਤਮ ਪਹਿਲਕਦਮੀਆਂ ਦੇ ਆਧਾਰ ’ਤੇ ਦਿੱਤਾ ਗਿਆ। ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਵਿੱਚ 158 ਮਾਰਕੀਟ ਕਮੇਟੀਆਂ, 152 ਮੁੱਖ ਯਾਰਡ, 285 ਸਬ-ਯਾਰਡ ਤੇ 1485 ਸੀਜ਼ਨਲ ਖਰੀਦ ਕੇਂਦਰ ਹਨ। ਮੰਡੀਆਂ ਦੇ ਆਧੁਨਿਕੀਕਰਨ ਲਈ ਡਿਜੀਟਲ ਸਹੂਲਤਾਂ, ਆਨਲਾਈਨ ਜੇ-ਫਾਰਮ, ਆਧਾਰ ਆਧਾਰਿਤ ਕਿਸਾਨ ਰਜਿਸਟ੍ਰੇਸ਼ਨ ਅਤੇ ਕਿਊ.ਆਰ. ਕੋਡ ਪ੍ਰਣਾਲੀ ਲਾਗੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਤੋਂ ਹੁਣ ਤੱਕ ਖੁੱਲ੍ਹੀ ਈ-ਨਿਲਾਮੀ ਰਾਹੀਂ 1846 ਪਲਾਟ ਵੇਚ ਕੇ 746 ਕਰੋੜ ਰੁਪਏ ਦੀ ਆਮਦਨ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਡੀਆਂ ਵਿਚ ਕਿਸਾਨ ਪੈਟਰੋਲ ਪੰਪ, ਕੋਲਡ ਸਟੋਰ, ਮਸ਼ੀਨੀ ਸਫ਼ਾਈ ਪ੍ਰਣਾਲੀ ਅਤੇ ਬਾਇਓ-ਵੇਸਟ ਮੈਨੇਜਮੈਂਟ ਵਰਗੀਆਂ ਪਹਿਲਕਦਮੀਆਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਪ੍ਰਾਪਤੀ ਲਈ ਅੰਤਰਰਾਸ਼ਟਰੀ ਜਿਊਰੀ ਦਾ ਧੰਨਵਾਦ ਕੀਤਾ।