- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਲਰ ਮਾਲਕ ਅਧਿਕਾਰੀਆਂ ਨੂੰ ਰਿਸ਼ਵਤ ਨਾ ਦੇਣ : ਤਰਸੇਮ ਸੈਣੀ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਆਲ ਇੰਡੀਆ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਤੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਝੋਨਾ ਸਟੋਰ ਕਰਨ ਸਮੇਂ ਕਿਸੇ ਵੀ ਵਿਭਾਗ ਦੇ ਅਧਿਕਾਰੀ ਨੂੰ ਰਿਸ਼ਵਤ ਨਾ ਦਿੱਤੀ ਜਾਵੇ। ਜੇਕਰ ਕੋਈ ਅਧਿਕਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਐਸੋਸੀਏਸ਼ਨ ਨੂੰ ਦਿੱਤੀ ਜਾਵੇ, ਤਾਂ ਜੋ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਦੋਵੇਂ ਆਗੂ ਨਾਭਾ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਭੜੋ ਦੇ ਰਾਈਸ ਸ਼ੈਲਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਦੌਰਾਨ ਕਈ ਥਾਵਾਂ ’ਤੇ ਫਸਲ ’ਤੇ ਕੱਟ ਲਗਾਏ ਜਾ ਰਹੇ ਹਨ ਅਤੇ ਇਸ ਕਾਰਨ ਬੇਵਜਾ ਸ਼ੈਲਰ ਮਾਲਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਕੋਲ ਝੋਨੇ ਦੀ ਹੋਰ ਖਰੀਦ ਦਾ ਮਾਮਲਾ ਉਠਾਇਆ ਜਾਵੇ, ਤਾਂ ਜੋ ਮੰਡੀਆਂ ’ਚ ਪਏ ਬਕਾਇਆ ਝੋਨੇ ਦੀ ਖਰੀਦ ਹੋ ਸਕੇ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਆਰਓ ਦੀ ਬਜਾਏ ਲਿੰਕੇਜ ਨੂੰ ਤਰਜੀਹ ਦੇਣ ਦੀ ਸਲਾਹ ਵੀ ਦਿੱਤੀ। ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚੋਂ ਅਨਾਜ ਦੀਆਂ ਸਪੈਸ਼ਲਾਂ ਨੂੰ ਵੱਧ ਤਰਜੀਹ ਦੇਵੇ, ਤਾਂ ਜੋ 31 ਮਾਰਚ ਤੱਕ ਸ਼ੈਲਰਾਂ ਵਿੱਚ ਸਟੋਰ ਝੋਨੇ ਤੋਂ ਤਿਆਰ ਚੌਲਾਂ ਦੀ ਡਿਲਿਵਰੀ ਹੋ ਸਕੇ। ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਭੜੋ, ਸੰਗਰੂਰ, ਅਮਰਗੜ੍ਹ, ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੁੱਟਰ, ਦਰਸ਼ਨ ਅਰੋੜਾ ਅਤੇ ਸੰਜੀਵ ਸਿਲਪਾ ਨੇ ਕਿਹਾ ਕਿ ਨਾਭਾ ਦੇ ਸੈਲਰ ਮਾਲਕ ਸ਼ੁਰੂ ਤੋਂ ਹੀ ਆਲ ਇੰਡੀਆ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੇ ਨਾਲ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹਨਗੇ। ਇਸ ਮੌਕੇ ਪੁਸ਼ਪਿੰਦਰ ਗੋਇਲ, ਵਿਕਾਸ ਗੋਇਲ,ਰਕੇਸ਼ ਗਰਗ, ਅਸ਼ਵਨੀ ਗੋਲਡੀ, ਸੱਤੀ ਚੌਧਰੀ, ਦੀਪੀ ਚੌਧਰੀ, ਅਭਿਨੰਦਨ ਗੋਇਲ, ਅਭੀ ਗਰਗ,ਵਿਕਰਮ ਆਦਿ ਸ਼ੈਲਰ ਮਾਲਕ ਮੌਜੂਦ ਸਨ।