- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲੀ ਬੱਚਿਆਂ ਨਾਲ ਬੇਟੀ ਦਾ ਜਨਮ ਦਿਨ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਮੌਲਵੀਵਾਲਾ ਦੇ ਸਾਬਕਾ ਸਰਪੰਚ ਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਦਵਿੰਦਰਦੀਪ ਸਿੰਘ ਬੂਟਾ ਮੌਲਵੀਵਾਲਾ ਨੇ ਆਪਣੀ ਕੈਨੇਡਾ ਵਸਦੀ ਬੇਟੀ ਇਬਾਦਤ ਕੌਰ ਸੰਧੂ ਦਾ ਜਨਮ ਦਿਨ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਵਿਲੱਖਣ ਢੰਗ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਚਾਚਾ ਸੁਬੇਗ ਸਿੰਘ ਸੰਧੂ, ਭਤੀਜੀ ਰਹਿਮਤ ਕੌਰ ਸੰਧੂ ਤੇ ਭਤੀਜਾ ਵੰਸ਼ਦੀਪ ਸਿੰਘ ਸੰਧੂ ਵੀ ਮੌਜੂਦ ਰਹੇ। ਦਵਿੰਦਰਦੀਪ ਸਿੰਘ ਬੂਟਾ ਨੇ ਸਕੂਲ ਦੇ ਬੱਚਿਆਂ ਨਾਲ ਸਮਾਂ ਬਿਤਾਉਂਦਿਆਂ ਕੇਕ ਕੱਟਿਆ ਅਤੇ ਉਨ੍ਹਾਂ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਆਪਣੀ ਬੇਟੀ ਦਾ ਜਨਮ ਦਿਨ ਹਰ ਸਾਲ ਸਿਰਫ਼ ਪਰਿਵਾਰਕ ਸਮਾਗਮ ਤੱਕ ਸੀਮਤ ਰੱਖਣ ਦੀ ਬਜਾਏ ਬੱਚਿਆਂ ਅਤੇ ਸਮਾਜ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਉਨ੍ਹਾਂ ਲਈ ਵਧੇਰੇ ਸੰਤੁਸ਼ਟੀ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਪਾਰਕਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਤੇ ਹਰਿਆਵਲੀ ਨੂੰ ਬਰਕਰਾਰ ਰੱਖਣ ਲਈ ਘਾਹ ਕੱਟਣ ਵਾਲੀ ਮਸ਼ੀਨ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਸਮਾਜ ਦੀਆਂ ਮਹੱਤਵਪੂਰਨ ਸੰਸਥਾਵਾਂ ਹਨ ਅਤੇ ਇਨ੍ਹਾਂ ਦੀਆਂ ਲੋੜਾਂ ਅਨੁਸਾਰ ਸਹਿਯੋਗ ਦੇਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਕੂਲ ਦੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਨੇ ਦਵਿੰਦਰਦੀਪ ਸਿੰਘ ਬੂਟਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਸ਼ੀਨ ਮਿਲਣ ਨਾਲ ਪਾਰਕਾਂ ਦੀ ਸਾਂਭ-ਸੰਭਾਲ ਵਿੱਚ ਕਾਫ਼ੀ ਸਹੂਲਤ ਹੋਵੇਗੀ। ਇਸ ਮੌਕੇ ਮਾਸਟਰ ਸੰਦੀਪ ਸਿੰਘ, ਮਾਸਟਰ ਗੁਰਪਾਲ ਸਿੰਘ, ਮਾਸਟਰ ਗੁਲਾਬ ਸਿੰਘ ਅਤੇ ਮੈਡਮ ਨੀਤੂ ਵੀ ਹਾਜ਼ਰ ਸਨ।