
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕੂਲੀ ਬੱਚਿਆਂ ਨਾਲ ਬੇਟੀ ਦਾ ਜਨਮ ਦਿਨ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਮੌਲਵੀਵਾਲਾ ਦੇ ਸਾਬਕਾ ਸਰਪੰਚ ਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਦਵਿੰਦਰਦੀਪ ਸਿੰਘ ਬੂਟਾ ਮੌਲਵੀਵਾਲਾ ਨੇ ਆਪਣੀ ਬੇਟੀ ਇਬਾਦਤ ਕੌਰ ਸੰਧੂ ਦਾ ਜਨਮ ਦਿਨ ਇਕ ਵਿਲੱਖਣ ਢੰਗ ਨਾਲ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ। ਉਨ੍ਹਾਂ ਵੱਲੋਂ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਬੱਚਿਆਂ ਨਾਲ ਸਾਂਝੀਆਂ ਕੀਤੀਆਂ। ਸਰਪੰਚ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਚਾਚਾ ਸੁਬੇਗ ਸਿੰਘ ਸੰਧੂ, ਭਤੀਜੀ ਰਹਿਮਤ ਕੌਰ ਸੰਧੂ ਅਤੇ ਭਤੀਜੇ ਵੰਸ਼ਦੀਪ ਸਿੰਘ ਸੰਧੂ ਨੇ ਸਕੂਲ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਜਨਮਦਿਨ ਦਾ ਕੇਕ ਕੱਟਿਆ। ਇਸ ਦੌਰਾਨ ਸਰਪੰਚ ਦਵਿੰਦਰਦੀਪ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਆਪਣੀ ਕੈਨੇਡਾ ਵਸਦੀ ਬੇਟੀ ਦੇ ਜਨਮ ਦਿਨ ਨੂੰ ਕੇਵਲ ਪਰਿਵਾਰਕ ਸਮਾਗਮ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਅਤੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਵਧੇਰੇ ਸੰਤੁਸ਼ਟੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਵੀ ਸਮਾਜ ਪ੍ਰਤੀ ਇਕ ਤਰ੍ਹਾਂ ਦੀ ਸੇਵਾ ਹੈ। ਸਕੂਲ ਦੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਨੇ ਇਸ ਉਪਰਾਲੇ ਲਈ ਦਵਿੰਦਰਦੀਪ ਸਿੰਘ ਬੂਟਾ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਨੂੰ ਘਾਹ ਕੱਟਣ ਵਾਲੀ ਮਸ਼ੀਨ ਮਿਲਣ ਨਾਲ ਪਾਰਕਾਂ ਦੀ ਸਾਂਭ-ਸੰਭਾਲ ਵਿੱਚ ਕਾਫ਼ੀ ਸਹੂਲਤ ਹੋਵੇਗੀ। ਉਨ੍ਹਾਂ ਅਜਿਹੇ ਸਮਾਜ ਸੇਵੀ ਉਪਰਾਲਿਆਂ ਨੂੰ ਸਕੂਲ ਅਤੇ ਬੱਚਿਆਂ ਦੀ ਬਿਹਤਰੀ ਲਈ ਲਾਹੇਵੰਦ ਦੱਸਦਿਆਂ ਹੋਰਨਾਂ ਨੂੰ ਵੀ ਸਰਕਾਰੀ ਸਕੂਲਾਂ ਨਾਲ ਜੁੜ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮਾਸਟਰ ਸੰਦੀਪ ਸਿੰਘ, ਮਾਸਟਰ ਗੁਰਪਾਲ ਸਿੰਘ, ਮਾਸਟਰ ਗੁਲਾਬ ਸਿੰਘ ਅਤੇ ਮੈਡਮ ਨੀਤੂ ਆਦਿ ਹਾਜ਼ਰ ਸਨ।