- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਜੀਤ ਸਿੰਘ ਕਤਲ ਕੇਸ ’ਚ ਸਨੌਰ ਪੁਲਿਸ ਨੇ ਇਕ ਹੋਰ ਮੁਲਜ਼ਮ ਕੀਤਾ ਕਾਬੂ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਥਾਣਾ ਸਨੌਰ ਪੁਲਿਸ ਨੇ ਜ਼ਮੀਨੀ ਵਿਵਾਦ ਦੌਰਾਨ ਹੋਈ ਕੁੱਟਮਾਰ ਵਿਚ ਜ਼ਖਮੀ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਵਾਰਦਾਤ ਵਿਚ ਵਰਤਿਆ ਦੇਸੀ ਹਥਿਆਰ ਵੀ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਵਾਸੀ ਮੁਹੱਲਾ ਪਠਾਣਾਂ ਵਾਲਾ, ਸਨੌਰ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਥਾਣਾ ਸਨੌਰ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ 19 ਜੂਨ ਨੂੰ ਖਾਂਸਿਆ ਰੋਡ ਸਨੌਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਇਸ ਦੌਰਾਨ ਪਿੰਡ ਡੀਲਵਾਲ ਵਾਸੀ ਗੁਰਮੁਖ ਸਿੰਘ ਪੁੱਤਰ ਗੁਰਨਾਮ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਇਲਾਜ ਦੌਰਾਨ ਦੋ ਜੁਲਾਈ ਨੂੰ ਗੁਰਮੁਖ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਦਾ ਦਾਇਰਾ ਵਧਾਉਂਦਿਆਂ ਕੇਸ ਵਿਚ ਕਤਲ ਦੀ ਧਾਰਾ 103(1) ਬੀਐੱਨਐੱਸ ਵੀ ਜੋੜ ਦਿੱਤੀ ਸੀ। ਜਾਂਚ ਦੌਰਾਨ ਪੁਲਿਸ ਟੀਮ ਨੂੰ ਪਰਮਜੀਤ ਸਿੰਘ ਉਰਫ਼ ਨਿਸ਼ਾਨ ਸਿੰਘ ਦੇ ਮਾਮਲੇ ਵਿਚ ਸ਼ਾਮਲ ਹੋਣ ਸਬੰਧੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 17 ਸਤੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਗਿਆ ਦੇਸੀ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਪੁਲਿਸ ਵਾਰਦਾਤ ਦੇ ਕਾਰਨਾਂ, ਘਟਨਾ ਵਿਚ ਵਰਤੇ ਗਏ ਹਥਿਆਰ ਤੇ ਮਾਮਲੇ ਵਿਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ।