- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਆਈਜੀ ਦੀ ਅਗਵਾਈ ’ਚ ਪਟਿਆਲਾ ਵਿੱਚ ਨਸ਼ਿਆਂ ਖ਼ਿਲਾਫ਼ ਚੱਲਿਆ ਕਾਸੋ ਆਪ੍ਰੇਸ਼ਨ

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐਤਵਾਰ ਨੂੰ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿਚ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਵਿਰੁੱਧ ‘ਕਾਸੋ’ (ਕਾਰਡਨ ਐਂਡ ਸਰਚ) ਆਪ੍ਰੇਸ਼ਨ ਚਲਾਇਆ ਗਿਆ। ਡੀਆਈਜੀ ਪਟਿਆਲਾ ਰੇਂਜ ਕੁਲਦੀਪ ਚਾਹਲ ਦੀ ਅਗਵਾਈ ਹੇਠ ਚਲਾਏ ਕਾਸੋ ਆਪ੍ਰੇਸ਼ਨ ’ਚ ਪੁਲਿਸ ਵੱਲੋਂ ਸ਼ਹਿਰ ਸਮੇਤ ਜਿਲ੍ਹੇ ’ਚ 20 ਵੱਖ-ਵੱਖ ਥਾਵਾਂ ’ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਆਪ੍ਰੇਸ਼ਨ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਰਿਹਾ। ਡੀਆਈਜੀ ਕੁਲਦੀਪ ਚਾਹਲ ਤੇ ਐੱਸਐੱਸਪੀ ਹਰਮਨ ਹੰਸ ਸਮੇਤ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟੀਮਾਂ ਨੇ ਵੱਖ-ਵੱਖ ਸ਼ੱਕੀ ਥਾਵਾਂ, ਪੀਜੀ, ਹੋਟਲਾਂ ਤੇ ਉਨ੍ਹਾਂ ਥਾਵਾਂ ਦੀ ਤਲਾਸ਼ੀ ਲਈ, ਜਿੱਥੇ ਨਸ਼ਿਆਂ ਦੀ ਖਰੀਦ-ਫਰੋਖ਼ਤ ਹੋਣ ਦਾ ਖ਼ਦਸ਼ਾ ਸੀ। ਇਸ ਦੌਰਾਨ ਸ਼ਹਿਰ ਦੇ ਪੁਲਿਸ ਥਾਣਿਆਂ ਵੱਲੋਂ ਭਾਰਤ ਨਗਰ, ਬਾਬੂ ਸਿੰਘ ਕਾਲੋਨੀ, ਕਲਆਣ, ਆਬਲੋਵਾਲ, ਸ਼ੇਰ ਮਾਜਰਾ, ਤੁਲੇਵਾਲ ਤੇ ਢੇਹਾ ਬਸਤੀ ਬਹਾਦੁਰਗੜ੍ਹ ਆਦਿ ਥਾਵਾਂ ’ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਆਈਜੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਸੋ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ’ਚ ਆਪ੍ਰੇਸ਼ਨ ਦੌਰਾਨ 26 ਐਫਆਈਆਰ ਦਰਜ ਕਰਕੇ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 36 ਗ੍ਰਾਮ ਹੈਰੋਇਨ, 180 ਨਸ਼ੀਲੀਆਂ ਗੋਲੀਆਂ ਅਤੇ 3 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੀਜੀ, ਸ਼ੱਕੀ ਹੋਟਲਾਂ ਅਤੇ ਹੋਰ ਸੰਭਾਵਿਤ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ। ਨਸ਼ਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਐੱਸਐੱਸਪੀ ਹਰਮਨ ਹੰਸ ਨੇ ਦੱਸਿਆ ਕਿ ਹਾਟਸਪੌਟ ਵਜੋਂ ਉਨ੍ਹਾਂ ਇਲਾਕਿਆਂ ਦੀ ਪਛਾਣ ਕੀਤੀ ਜਾਂਦੀ ਹੈ, ਜਿੱਥੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਵਿਅਕਤੀ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁੜ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿਅਕਤੀਆਂ ’ਤੇ ਸ਼ਿਕੰਜਾ ਕੱਸਣ ਲਈ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਇਨ੍ਹਾਂ ਇਲਾਕਿਆਂ ਵਿੱਚ ਮੁੜ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਐੱਸਐੱਸਪੀ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਆਪ੍ਰੇਸ਼ਨ ਅੱਗੇ ਵੀ ਜਾਰੀ ਰਹਿਣਗੇ।