ਹੋਟਲ ਵੀਡੀਓ ਮਾਮਲੇ ’ਚ ਵਾਇਰਲ ਕਰਨ ਵਾਲੇ ਖ਼ਿਲਾਫ਼ ਕੇਸ ਹੋਟਲ ਵੀਡੀਓ ਮਾਮਲੇ ’ਚ ਵਾਇਰਲ ਕਰਨ ਵਾਲੇ ਖ਼ਿਲਾਫ਼ ਕੇਸ
Publish Date: Thu, 16 Jul 2026 06:33 PM (IST)
Updated Date: Fri, 17 Jul 2026 04:07 AM (IST)
ਮਾਮਲਾ ਬਿਨਾਂ ਇਜਾਜ਼ਤ ਔਰਤ ਦੀ ਵੀਡੀਓ ਵਾਇਰਲ ਕਰਨ ਦਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਨੇੜ੍ਹਲੇ ਇਕ ਹੋਟਲ ਵਿੱਚ ਕਥਿਤ ਦੇਹ ਵਪਾਰ ਨਾਲ ਜੋੜੀ ਗਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਦੀ ਸ਼ਿਕਾਇਤ ਤੇ ਦਰਜ ਕੇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਬਿਨਾਂ ਇਜਾਜ਼ਤ ਗੁਪਤ ਤਰੀਕੇ ਨਾਲ ਵੀਡੀਓ ਬਣਾਕੇ ਵਾਇਰਲ ਕੀਤੀ ਗਈ, ਜਿਸ ਕਾਰਨ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਿਆ। ਡੀਐੱਸਪੀ ਸਤਨਾਮ ਸਿੰਘ, ਇੰਸਪੈਕਟਰ ਰਮਨਦੀਪ ਸਿੰਘ ਅਤੇ ਐੱਸਆਈ ਯਸਪਾਲ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਦੌਰਾਨ ਇਸ ਵਿੱਚ ਕੀਤੇ ਗਏ ਦਾਅਵੇ ਸਹੀ ਨਹੀਂ ਪਾਏ ਗਏ। ਔਰਤ ਦੀ ਸ਼ਿਕਾਇਤ ਦੇ ਆਧਾਰ ਤੇ ਸੰਬੰਧਿਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਫੇਸਬੁੱਕ ਚੈਨਲ ਤੇ ਗੁਪਤ ਕੈਮਰੇ ਨਾਲ ਬਣਾਈ ਗਈ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਹੋਟਲ ਵਿੱਚ ਕਥਿਤ ਦੇਹ ਵਪਾਰ ਅਤੇ ਪੁਲਿਸ ਨੂੰ ਪੈਸੇ ਦਿੱਤੇ ਜਾਣ ਦੇ ਦਾਅਵੇ ਕੀਤੇ ਗਏ ਸਨ। ਮਾਮਲੇ ਵਿੱਚ ਹੋਟਲ ਮਾਲਕ ਨੇ ਦੋਸ਼ ਲਗਾਇਆ ਕਿ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਰਕਮ ਨਾ ਦੇਣ ਤੇ ਹੋਟਲ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਵੀਡੀਓ ਜਨਤਕ ਕਰ ਦਿੱਤੀ ਗਈ। ਉੱਧਰ, ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਨੇ ਕਿਹਾ ਕਿ ਉਸ ਨੂੰ ਯੋਜਨਾਬੱਧ ਢੰਗ ਨਾਲ ਹੋਟਲ ਭੇਜ ਕੇ ਗੁਪਤ ਕੈਮਰੇ ਨਾਲ ਵੀਡੀਓ ਬਣਾਈ ਗਈ। ਉਸ ਦੇ ਅਨੁਸਾਰ ਪਹਿਲਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਵੀਡੀਓ ਸਿਰਫ਼ ਪੈਸੇ ਵਸੂਲਣ ਲਈ ਵਰਤੀ ਜਾਵੇਗੀ, ਪਰ ਬਾਅਦ ਵਿੱਚ ਉਸ ਦੀ ਇਜਾਜ਼ਤ ਤੋਂ ਬਿਨਾਂ ਹੀ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ। ਦੂਜੇ ਪਾਸੇ, ਚੈਨਲ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਵੀਡੀਓ ਤਿੰਨ ਵੱਖ-ਵੱਖ ਫੇਸਬੁੱਕ ਚੈਨਲਾਂ ਤੇ ਚਲਾਈ ਗਈ ਸੀ ਅਤੇ ਜਿਸ ਵਿਅਕਤੀ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ, ਸੋਸ਼ਲ ਮੀਡੀਆ ਚੈਨਲਾਂ ਦੀ ਆੜ ਵਿੱਚ ਕਥਿਤ ਬਲੈਕਮੇਲਿੰਗ ਨਾਲ ਜੁੜੀਆਂ ਸ਼ਿਕਾਇਤਾਂ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।