ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ ਮਾਮਲਾ ਬਰਨਾਲਾ ਵਿਖੇ ਸਫਾਈ ਸੇਵਕਾਂ ‘ਤੇ ਪੁਲਿਸ ਵਲੋਂ ਕੀਤੇ ਅੱਤਿਆਚਾਰ ਦਾ
Publish Date: Thu, 30 Jul 2026 06:26 PM (IST)
Updated Date: Fri, 31 Jul 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਪੰਜਾਬ ਦੇ ਬਰਨਾਲਾ ਵਿਖੇ 22 ਜੁਲਾਈ ਨੂੰ ਸਫਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਅੰਨ੍ਹੇ ਤਸ਼ੱਦਦ ਅਤੇ ਅੱਤਿਆਚਾਰ ਦੇ ਵਿਰੋਧ ’ਚ ਵੀਰਵਾਰ ਪੰਜਾਬ ਬੰਦ ਦੀ ਦਿੱਤੀ ਕਾਲ ‘ਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਸੈਂਕੜੇ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਵਿਦਿਆਰਥੀਆਂ ਵਲੋਂ ਸਵੇਰੇ 8 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਬੰਦ ਕਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਫਾਈ ਕਰਮਚਾਰੀ ਬੀਬੀਆਂ ਤੇ ਪੁਰਸ਼ਾਂ ਨੂੰ ਧੂਹ-ਧੂਹ ਕੇ ਕੁੱਟਣ ਵਾਲੇ ਬਰਨਾਲਾ ਪੁਲਿਸ ਦੇ ਡੀਐੱਸਪੀ ਸਤਵੀਰ ਬੈਂਸ, ਐੱਸਐੱਚਓ ਲਖਵਿੰਦਰ ਸਿੰਘ, ਖਿਲਾਫ ਇਰਾਦਾ ਕਤਲ ਅਤੇ ਐੱਸਸੀ/ਐੱਸਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਘਟਨਾ ਦੇ 8 ਦਿਨ ਬੀਤ ਜਾਣ ਬਾਅਦ ਵੀ ਡੀ.ਐਸ.ਪੀ ਨੂੰ ਨੌਕਰੀ ਤੋਂ ਮੁਅਤਲ ਕਰ ਕੇ ਸਰਕਾਰ ਵਲੋ ਸਿਰਫ ਖਾਨਾਪੂਰਤੀ ਕੀਤੀ ਗਈ ਹੈ। ਜੋ ਸਾਡੇ ਵਾਲਮੀਕਿ/ਮਜ੍ਹਬੀ ਸਿੱਖ ਸਮਾਜ ਨੂੰ ਬਿਲਕੁੱਲ ਮਨਜ਼ੂਰ ਨਹੀਂ। ਉਨਾਂ ਕਿਹਾ ਕਿ ਇਕ ਪਾਸੇ ਸਾਡੇ ਐੱਸਸੀ ਸਮਾਜ ਨੂੰ ਜਾਲਮਾਨਾ ਢੰਗ ਨਾਲ ਕੁੱਟਿਆ ਜਾ ਰਿਹਾ ਹੈ ਦੂਜੇ ਪਾਸੇ ਭਾਰਤੀ ਸੰਵਿਧਾਨ ਵਿੱਚ ਮਿਲੇ ਐੱਸਸੀ ਸਮਾਜ ਦੇ 1013 ਸਕੂਲ ਲੈਕਚਰਾਰ ਭਰਤੀ ਵਿੱਚ ਰਾਖਵਾਂਕਰਨ ਬੰਦ ਕਰਕੇ ਐਸ.ਸੀ ਸਮਾਜ ਦੇ ਸਿੱਖਿਅਕ ਭਰਤੀ ‘ਤੇ ਰੋਕ ਲਾ ਦਿੱਤੀ ਹੈ, ਜੇਕਰ ਸਰਕਾਰ ਨੇ ਬਰਨਾਲਾ ਵਿਖੇ ਢਾਹੇ ਤਸ਼ੱਦਦ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਅਤੇ ਬੋਰਡਾਂ ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਕੱਚੇ ਸਫਾਈ ਕਰਮਚਾਰੀ ਦੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਸਰਕਾਰ ਖਿਲਾਫ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਰਾਸ਼ਟਰੀ ਕੋ-ਆਰਡੀਨੇਟਰ ਅਮਨਦੀਪ ਸਿੰਘ ਖਿਉਵਾਲੀ, ਮਿਸ਼ਨ ਸਤਲੁਜ ਤੋਂ ਯਾਦਵਿੰਦਰ ਸਿੰਘ ਯਾਦੂ, ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਤੋਂ ਹਰਪ੍ਰੀਤ ਸਿੰਘ, ਕਰਮਚਾਰੀ ਸੰਘ ਤੋਂ ਮੋਹਨ ਪੰਜੋਲਾ, ਨਵਦੀਪ ਸਿੰਘ, ਕਰਮਚਾਰੀ ਆਗੂ ਮੈਡਮ ਅਮਰਜੀਤ ਕੌਰ, ਸਫਾਈ ਸੇਵਕ ਯੂਨੀਅਨ ਤੋਂ ਰਾਜੇਸ਼ ਗੱਗੂ ਨੇ ਸੰਬੋਧਨ ਕੀਤਾ। ਇਸ ਮੌਕੇ ਫੈਡਰੇਸ਼ਨ ਆਗੂਆਂ ਵਿੱਚ ਡਾ. ਗਿਆਨ ਸਿੰਘ, ਸ੍ਰੀ ਰਾਕੇਸ਼ ਕੁਮਾਰ ਮੱਟੂ, ਮੈਡਮ ਬਲਵਿੰਦਰ ਕੌਰ, ਸ. ਬਲਬੀਰ ਸਿੰਘ, ਸੰਦੀਪ ਕੁਮਾਰ, ਕੁਲਦੀਪ ਸਿੰਘ, ਗੁਰਤੇਜ ਸਿੰਘ, ਜਤਿੰਦਰ ਕਾਲਾ ਵਿਦਿਆਰਥੀ ਆਗੂਆਂ ਵਿੱਚ ਬੋਹੜ ਸਿੰਘ, ਆਦਿ ਹਾਜਰ ਸਨ।