ਪਟਿਆਲਾ ’ਚ ਕੇਅਰਟੇਕਰ ਨਿਕਲੀ ਕਤਲ ਦੀ ਦੋਸ਼ੀ, ਵਿਦੇਸ਼ ਤੋਂ ਪਰਤੇ ਪੁੱਤਰ ਨੇ ਕੈਮਰਾ ਦੇਖਿਆ ਤਾਂ ਉੱਡੇ ਹੋਸ਼; ਖੁੱਲ੍ਹਿਆ ਮਾਂ ਦੀ ਮੌਤ ਦਾ ਰਾਜ਼
ਥਾਣਾ ਸਦਰ ਅਧੀਨ ਪੈਂਦੇ ਪਿੰਡ ਗੱਦੋ ਮਾਜਰਾ ਵਿਖੇ ਇੱਕ ਬਜ਼ੁਰਗ ਔਰਤ ਨੂੰ ਉਸ ਦੀ ਕੇਅਰ ਟੇਕਰ ਔਰਤ ਦੇ ਵੱਲੋਂ ਗਲਾ ਘੋਟ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਚਲਦਿਆਂ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਥਾਣਾ ਸਦਰ ਪੁਲਿਸ ਵੱਲੋਂ ਬਜ਼ੁਰਗ ਔਰਤ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਕੇਅਰ ਟੇਕਰ ਨੂੰ ਗ੍ਰਿਫਤਾਰ ਕਰ ਲਿਆ ਹੈ।
Publish Date: Sun, 26 Jul 2026 01:08 PM (IST)
Updated Date: Sun, 26 Jul 2026 01:11 PM (IST)
ਐੱਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ। ਥਾਣਾ ਸਦਰ ਅਧੀਨ ਪੈਂਦੇ ਪਿੰਡ ਗੱਦੋ ਮਾਜਰਾ ਵਿਖੇ ਇੱਕ ਬਜ਼ੁਰਗ ਔਰਤ ਨੂੰ ਉਸ ਦੀ ਕੇਅਰ ਟੇਕਰ ਔਰਤ ਦੇ ਵੱਲੋਂ ਗਲਾ ਘੋਟ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਚਲਦਿਆਂ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਥਾਣਾ ਸਦਰ ਪੁਲਿਸ ਵੱਲੋਂ ਬਜ਼ੁਰਗ ਔਰਤ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਕੇਅਰ ਟੇਕਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਸਦਰ ਪੁਲਿਸ ਕੋਲ ਪਰਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਗੱਦੋ ਮਾਜਰਾ ਨੇ ਬਿਆਨ ਦਰਜ ਕਰਵਾਏ ਗਏ ਕਿ ਉਸ ਦੀ ਸੱਸ ਮਨਜੀਤ ਕੌਰ ਪਤਨੀ ਮਹਿੰਦਰ ਸਿੰਘ ਜੋ ਕਿ ਪਿੰਡ ’ਚ ਹੀ ਵੱਖੋ-ਵੱਖਰੇ ਮਕਾਨ ਦੇ ’ਚ ਰਹਿੰਦੇ ਸਨ।
ਦੋਵਾਂ ਦੇ ਮਕਾਨ ਦੀ ਦੀਵਾਰ ਸਾਂਝੀ ਸੀ ਅਤੇ ਉਸ ਦੀ ਸੱਸ ਮਨਜੀਤ ਕੌਰ ਦੀ ਸਾਂਭ ਸੰਭਾਲ ਦੇ ਲਈ ਪਿੰਡ ਦੀ ਸੁਨੀਤਾ ਕੌਰ ਨਾਂ ਦੀ ਔਰਤ ਕੇਅਰ ਟੇਕਰ ਦੇ ਤੌਰ ’ਤੇ 15,000 ਪ੍ਰਤੀ ਮਹੀਨਾ ਰੱਖੀ ਸੀ। ਸੁਨੀਤਾ ਕੌਰ ਨੇ 50 ਹਜ਼ਾਰ ਰੁਪਏ ਐਡਵਾਂਸ ਵਿੱਚ ਲਏ ਸਨ।
ਉਸ ਨੇ ਦੱਸਿਆ ਕਿ ਸੁਨੀਤਾ ਕੌਰ 22 ਜੁਲਾਈ ਨੂੰ ਸਵੇਰੇ 10:15 ਵਜੇ ਉਸਦੇ ਕੋਲ ਆਈ ਅਤੇ ਕਿਹਾ ਕਿ ਬਜ਼ੁਰਗ ਔਰਤ ਮਨਜੀਤ ਕੌਰ ਅੱਖਾਂ ਨਹੀਂ ਖੋਲ ਰਹੀ ਹੈ।
ਜਦੋਂ ਉਹ ਮੌਕੇ ’ਤੇ ਪੁੱਜੀ ਤਾਂ ਦੇਖਿਆ ਕਿ ਉਸਦੀ ਸੱਸ ਮੰਜੇ ’ਤੇ ਪਈ ਸੀ ਅਤੇ ਕਾਫੀ ਹਿਲਾਉਣ ਅਤੇ ਬਲਾਉਣ ’ਤੇ ਜਦੋਂ ਉਹ ਨਾ ਬੋਲੀ ਤਾਂ ਗੁਆਂਢੀਆਂ ਨੂੰ ਮੌਕੇ ਉੱਤੇ ਸੱਦਿਆ ਗਿਆ ਅਤੇ ਪਤਾ ਲੱਗ ਗਿਆ ਕਿ ਉਸਦੀ ਸੱਸ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਹੈ।
ਜਿਸ ਤੋਂ ਬਾਅਦ ਮਾਤਾ ਦੀ ਮੌਤ ਹੋਣ ’ਤੇ ਉਸਦਾ ਜੇਠ ਜਸਵਿੰਦਰ ਸਿੰਘ ਵਿਦੇਸ਼ ਤੋਂ ਵਾਪਸ ਆ ਗਿਆ।
ਜਦੋਂ ਕੁਝ ਦਿਨਾਂ ਬਾਅਦ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਉਸਦੇ ’ਚ ਸ਼ਰੇਆਮ ਦੇਖਿਆ ਗਿਆ ਕਿ ਸੁਨੀਤਾ ਕੌਰ ਉਸਦੀ ਸੱਸ ਮਨਜੀਤ ਕੌਰ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਰਹੀ ਹੈ। ਮਾਰਨ ਦੀ ਵਜ੍ਹਾ ਇਹ ਹੈ ਕਿ ਬਜ਼ੁਰਗ ਮਨਜੀਤ ਕੌਰ ਚੱਲਣ ਫਿਰਨ ਤੋਂ ਅਸਮਰਥ ਸੀ ਅਤੇ ਮੰਜੇ ਉੱਤੇ ਹੀ ਬਾਥਰੂਮ ਤੇ ਲੈਟਰਿੰਗ ਵਗੈਰਾ ਕਰਦੀ ਸੀ, ਜਿਸ ਕਰਕੇ ਸੁਨੀਤਾ ਕੌਰ ਇਸ ਕੰਮ ਤੋਂ ਨਫ਼ਰਤ ਕਰਦੀ ਸੀ ਪਰ ਪੈਸੇ ਐਡਵਾਂਸ ਲਏ ਹੋਣ ਕਰਕੇ ਉਸ ਦੀ ਕੇਅਰ ਕਰਨ ਦਾ ਕੰਮ ਵੀ ਨਹੀਂ ਛੱਡ ਸਕਦੀ ਸੀ।
ਜਿਸ ਦੇ ਚਲਦਿਆਂ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ। ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਐੱਸ.ਐੱਚ.ਓ. ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਉਕਤ ਕਤਲ ਕੇਸ ਦੀ ਮੁੱਖ ਮੁਲਜ਼ਮ ਕੇਅਰ ਟੇਕਰ ਸੁਨੀਤਾ ਕੌਰ ਪਤਨੀ ਲਾਭ ਸਿੰਘ ਵਾਸੀ ਪਿੰਡ ਗੱਦੋਮਾਜਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਬੀਐਨਐਸ ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।