- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ਪਟਿਆਲਾ ਬਾਈਪਾਸ ਰੋਡ ਉੱਤੇ ਚਲਦੇ ਕੈਂਟਰ ਨੂੰ ਲੱਗੀ ਅੱਗ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਪਟਿਆਲਾ ਸਰਹਿੰਦ ਬਾਈਪਾਸ ਰੋਡ ’ਤੇ ਇਕ ਚਲਦੇ ਕੈਂਟਰ ਨੂੰ ਅੱਗ ਲੱਗਣ ਨਾਲ ਕੈਂਟਰ ਵਿਚ ਲੱਦਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸਵਾਹ ਹੋ ਗਿਆ ਜਦਕਿ ਕੈਂਟਰ ਚਾਲਕ ਵੀ ਅੱਗ ਦੀ ਲਪੇਟ ’ਚ ਆਉਣ ਦੇ ਨਾਲ ਬੁਰੀ ਤਰ੍ਹਾਂ ਝੁਲਸਿਆ ਗਿਆ। ਜਿਸ ਨੂੰ ਐੱਸਐੱਸਐੱਫ ਦੀ ਟੀਮ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੜਕ ਸੁਰੱਖਿਆ ਫੋਰਸ ਤੇ ਇੰਚਾਰਜ ਭਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਕੈਂਟਰ ਜਿਹੜਾ ਕਿ ਅੰਬਾਲਾ ਹਰਿਆਣਾ ਦੇ ਮੋੜਾ ਪਿੰਡ ਨੇੜੇ ਸਥਿਤ ਵੇਅਰ ਹਾਊਸ ਦੇ ਗਡਾਊਨ ’ਚੋਂ ਤਿੰਨ ਟਨ ਮਾਲ ਜਿਸ ’ਚ ਮਹਿੰਗੇ ਕੱਪੜੇ ਅਤੇ ਜੁੱਤੇ ਸਨ, ਨੂੰ ਲੈ ਕੇ ਬਠਿੰਡਾ ਦੇ ਲਈ ਰਵਾਨਾ ਹੋਇਆ ਸੀ। ਜਦੋਂ ਇਹ ਕੈਂਟਰ ਰਾਜਪੁਰਾ ਪਟਿਆਲਾ ਬਾਈਪਾਸ ਰੋਡ ’ਤੇ ਚੇਤਨਿਆ ਟੈਕਨਾਲੋਜੀ ਇੰਸਟੀਚਿਊਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕੈਂਟਰ ਨੂੰ ਅੱਗ ਲੱਗ ਗਈ ਅਤੇ ਉਹ ਡਿਵਾਈਡਰ ਦੇ ਨਾਲ ਟਕਰਾ ਗਿਆ। ਅੱਗ ਇੰਨੀ ਤੇਜ਼ ਸੀ ਕਿ ਕੈਂਟਰ ਚਾਲਕ ਆਯੂਸ਼ ਵਰਮਾ ਵਾਸੀ ਕਾਨਪੁਰ ਯੂਪੀ ਬੁਰੀ ਤਰ੍ਹਾਂ ਝੁਲਸਿਆ ਗਿਆ ਤੇ ਉਸ ਨੇ ਕੈਂਟਰ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਮੌਕੇ ਐੱਸਐੱਸਐੱਫ ਟੀਮ ਵੱਲੋਂ ਅੱਗ ਦੀ ਲਪੇਟ ਵਿਚ ਆਏ ਡਰਾਈਵਰ ਨੂੰ ਸਿਵਲ ਹਸਪਤਾਲ ਰਾਜਪੁਰਾ ਇਲਾਜ ਦੇ ਲਈ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਇਸ ਕੈਂਟਰ ’ਚ ਲੱਦਿਆ ਕੀਮਤੀ ਸਾਮਾਨ ਅੱਗ ਦੀ ਲਪੇਟ ’ਚ ਆ ਗਿਆ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਕੰਪਨੀ ਦੇ ਸਰਵੇਅਰ ਮੌਕੇ ’ਤੇ ਪੁੱਜ ਗਏ ਸਨ ਅਤੇ ਉਨਾਂ ਦੇ ਵੱਲੋਂ ਅੱਗ ਦੀ ਲਪੇਟ ਵਿਚ ਆ ਕੇ ਨੁਕਸਾਨੇ ਗਏ ਸਮਾਨ ਦਾ ਜਾਇਜ਼ਾ ਲਿਆ ਜਾ ਰਿਹਾ ਸੀ।