ਚੋਣ ਡਿਊਟੀ ਦੌਰਾਨ ਹਲਾਕ ਹੋਏ ਅਧਿਆਪਕ ਜੋੜੇ ਨੂੰ ਇਨਸਾਫ਼ ਲਈ ਕੈਂਡਲ ਮਾਰਚ
ਚੋਣ ਡਿਊਟੀ ਦੌਰਾਨ ਹਲਾਕ ਹੋਏ ਅਧਿਆਪਕ ਜੋੜੇ ਨੂੰ ਇਨਸਾਫ਼ ਲਈ ਕੈਂਡਲ ਮਾਰਚ
Publish Date: Sat, 17 Jan 2026 05:42 PM (IST)
Updated Date: Sun, 18 Jan 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਮੋਗਾ ਜ਼ਿਲ੍ਹੇ ਵਿੱਚ ਚੋਣ ਡਿਊਟੀ ’ਤੇ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਕੇ ਹਲਾਕ ਹੋਏ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਨੂੰ ਯੋਗ ਮੁਆਵਜ਼ਾ, ਉਨ੍ਹਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਬਾਲਗ ਹੋਣ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੀਆਂ ਅਧਿਆਪਕ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਬਜ਼ਾਰ ਵਿੱਚ ਕੈਂਡਲ ਮਾਰਚ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰ ਦੇ ਵੱਡੇ ਚੌਂਕ ਵਿੱਚ ਡੀਟੀਐੱਫ ਦੇ ਆਗੂ ਦਾਤਾ ਸਿੰਘ ਨਮੋਲ,ਜੀਟੀਯੂ ਦੇ ਦੇਵੀ ਦਿਆਲ,ਡੀਟੀਐੱਫ (ਸਬੰਧਤ ਡੀਐੱਮਐੱਫ) ਦੇ ਸੁਖਵਿੰਦਰ ਗਿਰ, ਈਟੀਯੂ ਦੇ ਜੋਤਿੰਦਰ ਜੋਤੀ, ਅਧਿਆਪਕ ਦਲ ਦੇ ਗੁਰਜੰਟ ਵਾਲੀਆ ਅਤੇ ਜ਼ਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ ਤੇ ਅਮਰੀਕ ਖੋਖਰ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਅਮਨ ਸੇਖਾ ਨੇ ਕਿਹਾ ਕਿ ਸਰਕਾਰ ਵੱਲੋਂ ਉਕਤ ਅਧਿਆਪਕ ਜੋੜੇ ਲਈ ਐਲਾਨੀ 10-10 ਲੱਖ ਦੀ ਰਾਸ਼ੀ ਕੋਝਾ ਮਜ਼ਾਕ ਹੈ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਦੋ - ਦੋ ਕਰੋੜ ਦੀ ਰਾਸ਼ੀ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਵੇ। ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਔਰਤ ਮੁਲਾਜ਼ਮਾਂ ਦੀ ਡਿਊਟੀ ਉਨ੍ਹਾਂ ਦੀ ਰਹਾਇਸ਼ ਦੇ ਨੇੜੇ ਲਾਈ ਜਾਵੇ ਤਾਂ ਜੋ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ। ਸੰਗਰੂਰ ਜ਼ਿਲ੍ਹੇ ਵਿੱਚ ਮੂਨਕ ਦੇ ਨੇੜੇ ਚੋਣ ਡਿਊਟੀ ਉੱਤੇ ਜਾਂਦੇ ਸਮੇਂ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਫੱਟੜ ਹੋਏ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਅਤੇ ਦਿੜ੍ਹਬਾ ਦੇ ਅਧਿਆਪਕ ਮਨਪ੍ਰੀਤ ਸਿੰਘ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਹਨਾਂ ਦੇ ਸਿਹਤਯਾਬ ਹੋ ਕੇ ਡਿਊਟੀ ਉੱਤੇ ਪਰਤਣ ਤੱਕ ਤਨਖਾਹ ਸਮੇਤ ਛੁੱਟੀ ਦਿੱਤੀ ਜਾਵੇ। ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਫੌਰੀ ਰਾਹਤ ਲਈ ਸਥਾਈ ਨੀਤੀ ਬਣਾਈ ਜਾਵੇ। ਆਗੂਆਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਮੋਗਾ ਵਿਖੇ 18 ਜਨਵਰੀ ਨੂੰ ਉਕਤ ਹਲਾਕ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ਼ ਲਈ ਰੱਖੀ ਰੈਲੀ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।