- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਲਈ ਨਹਿਰੀ ਪਾਣੀ ਦੀ ਸਪਲਾਈ ਬਹਾਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਹਰਿਆਉ, ਉਗਾਣੀ ਤੇ ਬਖਸ਼ੀਵਾਲ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਸਪਲਾਈ ਨਾ ਮਿਲਣ ਦੀ ਸਮੱਸਿਆ ਨੂੰ ਲੈ ਕੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਦੇ ਪੰਜ ਮੈਂਬਰੀ ਵਫ਼ਦ ਨੇ ਮੌਕੇ ’ਤੇ ਪਹੁੰਚ ਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਜਥੇਬੰਦੀ ਨੇ ਸੂਏ ’ਚੋਂ ਪਿੰਡਾਂ ਲਈ ਪਾਣੀ ਦੀ ਸਪਲਾਈ ਬਹਾਲ ਕਰਵਾਉਂਦਿਆਂ ਕਿਸਾਨਾਂ ਨੂੰ ਠੀਕਰੀ ਪਹਿਰੇ ’ਤੇ ਬਿਠਾ ਦਿੱਤਾ। ਜਥੇਬੰਦੀ ਦੇ ਆਗੂ ਮਹਿੰਦਰ ਸਿੰਘ ਬਖਸ਼ੀਵਾਲਾ, ਗੋਬਿੰਦਰ ਸਿੰਘ ਸਰਵਾਰਾ, ਗੁਰਵਿੰਦਰ ਸਿੰਘ ਨੀਲਪੁਰ ਤੇ ਨਰਿੰਦਰ ਸਿੰਘ ਭੱਪਲ ਨੇ ਦੱਸਿਆ ਕਿ ਬਖਸ਼ੀਵਾਲ, ਹਰਿਆਉ ਅਤੇ ਉਗਾਣੀ ਦੇ ਕਿਸਾਨਾਂ ਨੇ ਨਹਿਰੀ ਪਾਣੀ ਦੀ ਘਾਟ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਸੀ। ਕਿਸਾਨਾਂ ਦਾ ਦੋਸ਼ ਸੀ ਕਿ ਨਾਲ ਲੱਗਦੇ ਥਰਮਲ ਪਲਾਂਟ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਖੇਤੀਬਾੜੀ ਲਈ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਅਤੇ ਝੋਨੇ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਆਕੜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਫ਼ਦ ਨੇ ਪਹਿਲਾਂ ਥਰਮਲ ਪਲਾਂਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਬਾਅਦ ਵਿਚ ਸੁਖਦੇਵ ਸਿੰਘ ਬਖਸ਼ੀਵਾਲਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਸੂਏ ਵਿੱਚੋਂ ਪਾਣੀ ਦੀ ਸਪਲਾਈ ਬਹਾਲ ਕਰਵਾਈ ਤੇ ਨਿਗਰਾਨੀ ਲਈ ਪਹਿਰਾ ਲਗਾ ਦਿੱਤਾ। ਕਿਸਾਨਾਂ ਨੇ ਜਥੇਬੰਦੀ ਦਾ ਧੰਨਵਾਦ ਕੀਤਾ।