ਖੇਤਾਂ ਤੱਕ ਪੁੱਜਾ ਨਹਿਰੀ ਪਾਣੀ, ਝੋਨੇ ਦੇ ਸੀਜ਼ਨ ਨੂੰ ਮਿਲੀ ਰਫ਼ਤਾਰ
ਖੇਤਾਂ ਤੱਕ ਪੁੱਜਾ ਨਹਿਰੀ ਪਾਣੀ, ਝੋਨੇ ਦੇ ਸੀਜ਼ਨ ਨੂੰ ਮਿਲੀ ਰਫ਼ਤਾਰ
Publish Date: Thu, 18 Jun 2026 03:55 PM (IST)
Updated Date: Fri, 19 Jun 2026 04:01 AM (IST)

ਟਿਊਬਵੈੱਲਾਂ ਦਾ ਘਟੇਗਾ ਬੋਝ, ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਖੇਤਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਕਿਸਾਨਾਂ ਵੱਲੋਂ 9 ਜੂਨ ਤੋਂ ਝੋਨਾ ਲਾਉਣ ਦੀ ਨਿਰਧਾਰਿਤ ਤਰੀਕ ਅਨੁਸਾਰ ਲਵਾਈ ਸ਼ੁਰੂ ਕਰ ਦਿੱਤੀ ਗਈ ਸੀ, ਪਰ ਤੇਜ਼ ਗਰਮੀ ਅਤੇ ਵਧੇ ਹੋਏ ਤਾਪਮਾਨ ਨੇ ਸੀਜ਼ਨ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਸੀ। ਹਾਲਾਂਕਿ, ਕੁਝ ਦਿਨ ਪਹਿਲਾਂ ਹੋਈ ਤੇਜ਼ ਬਾਰਿਸ਼ ਅਤੇ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਕੁਦਰਤ ਦੀ ਮਿਹਰਬਾਨੀ ਅਤੇ ਨਹਿਰੀ ਪਾਣੀ ਦੀ ਆਮਦ ਨੇ ਪਛੜ ਰਹੇ ਝੋਨੇ ਦੇ ਸੀਜ਼ਨ ਵਿੱਚ ਨਵੀਂ ਜਾਨ ਪਾ ਦਿੱਤੀ ਹੈ। ਹੁਣ ਤੱਕ ਕਿਸਾਨ ਲਗਭਗ 40 ਫ਼ੀਸਦੀ ਝੋਨੇ ਦੀ ਲਵਾਈ ਕਰ ਚੁੱਕੇ ਹਨ, ਜਦਕਿ ਬਾਕੀ ਲਵਾਈ ਵੀ ਜਲਦੀ ਮੁਕੰਮਲ ਹੋਣ ਦੀ ਸੰਭਾਵਨਾ ਹੈ। ਪਿੰਡ ਉਭਾਵਾਲ, ਬਡਰੁੱਖਾਂ ਅਤੇ ਖੇੜੀ ਦੇ ਕਿਸਾਨ ਜਗਸੀਰ ਸਿੰਘ, ਸ਼ਮਸ਼ੇਰ ਸਿੰਘ ਅਤੇ ਧੰਨਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਬਾਰਿਸ਼ ਨਾਲ ਜਿੱਥੇ ਮਜ਼ਦੂਰਾਂ ਦੀ ਆਮਦ ਵਧੀ ਹੈ, ਉੱਥੇ ਹੀ ਨਹਿਰੀ ਪਾਣੀ ਦੀ ਸਪਲਾਈ ਵਿੱਚ ਵਾਧਾ ਅਤੇ ਅੱਠ ਘੰਟੇ ਬਿਜਲੀ ਮਿਲਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਪਹਿਲਾਂ ਗਰਮ ਹਵਾਵਾਂ ਕਾਰਨ ਖੇਤਾਂ ਵਿੱਚੋਂ ਪਾਣੀ ਜਲਦੀ ਸੁੱਕ ਜਾਂਦਾ ਸੀ, ਪਰ ਹੁਣ ਬਾਰਿਸ਼, ਨਹਿਰੀ ਪਾਣੀ ਅਤੇ ਨਿਯਮਿਤ ਬਿਜਲੀ ਸਪਲਾਈ ਕਾਰਨ ਝੋਨੇ ਦੇ ਸੀਜ਼ਨ ਨੇ ਮੁੜ ਰਫ਼ਤਾਰ ਫੜ ਲਈ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੱਧ ਗਰਮੀ, ਲੂ, ਘੱਟ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਕਮੀ ਕਾਰਨ ਝੋਨੇ ਦੀ ਲਵਾਈ ਵਿੱਚ ਰੁਕਾਵਟਾਂ ਆ ਰਹੀਆਂ ਸਨ। ਰਜਬਾਹਿਆਂ ’ਚ ਪਹੁੰਚਿਆ ਨਹਿਰੀ ਪਾਣੀ ਸੰਗਰੂਰ ਦੇ ਕਿਸਾਨ ਮਹਿੰਦਰ ਸਿੰਘ ਅਤੇ ਧੰਨਾ ਸਿੰਘ ਨੇ ਦੱਸਿਆ ਕਿ ਸੰਗਰੂਰ ਰਜਬਾਹਾ, ਬਡਰੁੱਖਾਂ ਰਜਬਾਹਾ ਅਤੇ ਹੋਰ ਰਜਬਾਹਿਆਂ ਵਿੱਚ ਪਾਣੀ ਦੀ ਸਪਲਾਈ ਵਧ ਗਈ ਹੈ। ਹਾਲਾਂਕਿ ਖੇਤਾਂ ਤੱਕ ਨਹਿਰੀ ਪਾਣੀ 16 ਜੂਨ ਦੀ ਸ਼ਾਮ ਨੂੰ ਪਹੁੰਚਿਆ ਹੈ। ਇਸ ਨਾਲ ਉਮੀਦ ਹੈ ਕਿ ਆਉਣ ਵਾਲੇ ਚਾਰ ਤੋਂ ਪੰਜ ਦਿਨਾਂ ਵਿੱਚ ਝੋਨੇ ਦੀ ਲਵਾਈ 50 ਫ਼ੀਸਦੀ ਤੱਕ ਪਹੁੰਚ ਜਾਵੇਗੀ। ਬਾਰਿਸ਼ ਕਾਰਨ ਮੌਸਮ ਵਿੱਚ ਕੁਝ ਠੰਢਕ ਵੀ ਆਈ ਹੈ, ਜਿਸ ਨਾਲ ਝੋਨੇ ਦੀ ਪਨੀਰੀ ਸੁੱਕਣ ਤੋਂ ਬਚੇਗੀ ਅਤੇ ਸੀਜ਼ਨ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਟਿਊਬਵੈੱਲਾਂ ’ਤੇ ਘਟਿਆ ਬੋਝ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਨਹਿਰੀ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਰਿਹਾ ਸੀ, ਜਿਸ ਕਾਰਨ ਸਾਰਾ ਨਿਰਭਰ ਟਿਊਬਵੈੱਲਾਂ ਤੇ ਹੀ ਸੀ। ਕਈ ਕਿਸਾਨਾਂ ਦੇ ਟਿਊਬਵੈੱਲ ਲਗਾਤਾਰ ਚੱਲਣ ਕਾਰਨ ਤਕਨੀਕੀ ਸਮੱਸਿਆਵਾਂ ਵੀ ਆ ਗਈਆਂ ਸਨ। ਇਸ ਨਾਲ ਝੋਨੇ ਦਾ ਸੀਜ਼ਨ ਵੀ ਪਛੜ ਰਿਹਾ ਸੀ, ਪਰ ਹੁਣ ਨਹਿਰੀ ਪਾਣੀ ਦੀ ਆਮਦ ਨਾਲ ਫ਼ਸਲ ਨੂੰ ਵੱਡਾ ਲਾਭ ਮਿਲੇਗਾ। ਖੇਤੀ ਮੋਟਰਾਂ ਤੇ ਬੋਝ ਘਟੇਗਾ ਅਤੇ ਪਹਿਲਾਂ ਲਾਇਆ ਗਿਆ ਝੋਨਾ ਵੀ ਤੇਜ਼ੀ ਨਾਲ ਵਾਧਾ ਕਰੇਗਾ।