6200 ਕਰੋੜ ਦੀ ਲਾਗਤ ਨਾਲ ਖੇਤਾਂ ਨੂੰ ਪਹੁੰਚਾਇਆ ਨਹਿਰੀ ਪਾਣੀ: ਗੋਇਲ
6200 ਕਰੋੜ ਦੀ ਲਾਗਤ ਨਾਲ ਖੇਤਾਂ ਨੂੰ ਪਹੁੰਚਾਇਆ ਨਹਿਰੀ ਪਾਣੀ: ਗੋਇਲ
Publish Date: Sat, 04 Apr 2026 04:29 PM (IST)
Updated Date: Sun, 05 Apr 2026 04:02 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਆਦਮੀ ਪਾਰਟੀ ਦੀ ਸਰਕਾਰ ਨੇ 6200 ਕਰੋੜ ਰੁਪਏ ਦੀ ਲਾਗਤ ਨਾਲ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਦਾ ਕੀਤਾ। ਜਿਸ ਨਾਲ ਪਾਣੀ ਥੱਲੇ ਜਾਣ ਦੀ ਬਜਾਏ ਪਹਿਲਾਂ ਨਾਲੋਂ ਉੱਪਰ ਆਇਆ ਹੈ। ਝੋਨੇ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਖੇਤਾਂ ਨੂੰ 86 ਫੀਸਦੀ ਪਾਣੀ ਅਪੜਦਾ ਕੀਤਾ ਜਾਵੇਗਾ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਹਿਰਾਗਾਗਾ ਵਿਖੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ, ਕਿ ਸਾਡੇ ਵੱਲੋਂ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਵਿਰੋਧੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਹਲਕੇ ਦਾ ਨਾਂ ਪਛੜੇ ਇਲਾਕੇ ਵਿੱਚ ਆਉਂਦਾ ਸੀ ਪਰ ਹੁਣ ਆਪ ਸਰਕਾਰ ਦੀ ਕੋਸ਼ਿਸ਼ ਸਦਕਾ ਇਹ ਲਹਿਰਾ ਹੁਣ 10 ਮੈਡੀਕਲ ਕਾਲਜਾਂ ਵਾਲੇ ( ਟਾਪ ਟੈਨ ) ਸ਼ਹਿਰਾਂ ਵਿੱਚ ਆਉਣ ਲੱਗ ਪਿਆ ਹੈ। ਇੱਥੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਜਿਸ ਦੀ ਇਮਾਰਤ ਖੰਡਰ ਹੋ ਚੁੱਕੀ ਸੀ। ਉਸ ਨੂੰ ਮੈਡੀਕਲ ਕਾਲਜ ਵਿਚ ਤਬਦੀਲ ਕੀਤੇ ਜਾਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਜਲਦੀ ਹੀ ਮੈਡੀਕਲ ਕਾਲਜ ਬਣ ਰਿਹਾ ਹੈ। ਜਿੱਥੇ ਸਪੈਸ਼ਲਿਸਟ ਡਾਕਟਰ ਹੋਣਗੇ ਅਤੇ ਤੁਹਾਡੇ ਬੱਚੇ ਪੜ੍ਹ ਕੇ ਇਥੋਂ ਡਾਕਟਰ ਬਣਨਗੇ। ਇਸ ਮੈਡੀਕਲ ਕਾਲਜ ਵਿੱਚ 1000 ਮੁਲਾਜ਼ਮ ਅਤੇ 150 ਡਾਕਟਰ ਤਾਇਨਾਤ ਹੋਣਗੇ। ਇਸ ਤੋਂ ਇਲਾਵਾ ਇਥੇ ਸਥਿਤ ਪੁਰਾਣੇ ਹਸਪਤਾਲ ਵਿੱਚ ਅਗਲੇ ਹਫਤੇ 10 ਸਪੈਸ਼ਲਿਸਟ ਡਾਕਟਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ,ਭੱਠਲ ਕਾਲਜ ਦੇ ਸੱਤ ਸਾਲਾਂ ਤੋਂ ਘਰ ਬੈਠੇ ਮੁਲਾਜ਼ਮਾਂ ਨੂੰ ਉਹਨਾਂ ਦੀ ਪੁਰਾਣੀ ਪੂਰੀ ਤਨਖਾਹ ਤੇ ਨੌਕਰੀਆਂ ਉੱਪਰ ਜੁਆਇਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 18 ਸਾਲ ਲਹਿਰਾਗਾਗਾ ਦੀ ਸਬ ਡਿਵੀਜ਼ਨ ਬਣੇ ਨੂੰ ਹੋ ਗਏ ਹਨ ਪਰ ਇੱਥੇ ਸਾਰੇ ਦਫਤਰ ਵੱਖ ਵੱਖ ਦਿਸ਼ਾਵਾਂ ਵੱਲ ਸਨ। ਜਿਸ ਕਾਰਨ ਪਬਲਿਕ ਨੂੰ ਭਾਰੀ ਪਰੇਸ਼ਾਨੀ ਆ ਰਹੀ ਸੀ ਹੁਣ 22 ਕਰੋੜ ਦੀ ਲਾਗਤ ਨਾਲ ਸਥਾਨਕ ਥਾਣੇ ਕੋਲ ਸਬ ਡਿਵੀਜ਼ਨ ਕੰਪਲੈਕਸ ਬਣ ਰਿਹਾ ਹੈ। ਜਿੱਥੇ 16 ਦਫਤਰ ਇਕੱਠੇ ਇੱਕ ਛੱਤ ਥੱਲੇ ਹੋਣਗੇ। ਇਸ ਸਮੇਂ ਮੰਤਰੀ ਗੋਇਲ ਦੇ ਭਰਾ ਨਰਿੰਦਰ ਗੋਇਲ,ਨਗਰ ਕੌਂਸਲ ਦੀ ਪ੍ਰਧਾਨ ਕਾਂਤਾ ਗੋਇਲ, ਓਐਸਡੀ ਰਕੇਸ਼ ਕੁਮਾਰ ਗੁਪਤਾ, ਟਰੇਡ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਗਰਗ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਆਪ ਦੇ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ,ਆਗੂ ਅਜੇ ਕੁਮਾਰ ਠੋਲੀ,ਟੋਨੀ ਖੰਡੇਵਦ, ਮੇਘ ਰਾਜ,ਰਾਮ ਗੋਇਲ,ਰਾਜ ਕੁਮਾਰ ਗੋਇਲ ਲੇਹਲਾਂ ਵਾਲੇ, ਸ਼ਾਮ ਲਾਲ ਗੁਪਤਾ, ਰਕੇਸ਼ ਕੁਮਾਰ ਜਾਖਲ ਮੌਜੂਦ ਸਨ।