ਬਰਸਟ ਨੇ ਕੀਤਾ ਸੜਕਾਂ ਤੇ ਫਿਰਨੀ ਦੇ ਨਵੀਨੀਕਰਣ ਦਾ ਉਦਘਾਟਨ ਬਰਸਟ ਨੇ ਕੀਤਾ ਸੜਕਾਂ ਅਤੇ ਫਿਰਨੀ ਦੇ ਨਵੀਨੀਕਰਣ ਦਾ ਉਦਘਾਟਨ
Publish Date: Mon, 21 Sep 2026 05:46 PM (IST)
Updated Date: Mon, 21 Sep 2026 05:47 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਅਤੇ ਪੇਂਡੂ ਖੇਤਰਾਂ ਵਿਚ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਖਾਲਾ ਬਣਾਉਣ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਅੱਜ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਹਲਕਾ ਸਮਾਣਾ ਦੇ ਪਿੰਡ ਬੀਬੀਪੁਰ ਵਿਖੇ 1.48 ਕਰੋੜ ਰੁਪਏ ਦੀ ਲਾਗਤ ਵਾਲੇ ਅਹਿਮ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਦੀ ਫਿਰਨੀ ਤੇ ਤਿੰਨ ਮਹੱਤਵਪੂਰਨ ਸੜਕਾਂ ਦੇ ਨਵੀਨੀਕਰਣ ਅਤੇ ਮੁਰੰਮਤ ਦੇ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਸੜਕੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਬਰਸਟ ਨੇ ਦੱਸਿਆ ਕਿ ਪਿੰਡ ਬੀਬੀਪੁਰ ਦੀ ਕਰੀਬ ਅੱਧਾ ਕਿਲੋਮੀਟਰ ਲੰਬੀ ਫਿਰਨੀ ਦੇ ਨਵੀਨੀਕਰਨ ਤੇ ਲਗਭਗ 41.24 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਦੂਜੀ ਸੜਕ ਪਟਿਆਲਾ-ਸਮਾਣਾ-ਗੂਹਲਾ ਰੋਡ ਤੋਂ ਬੀਬੀਪੁਰ ਤੱਕ ਦੀ ਲਗਭਗ ਅੱਧਾ ਕਿਲੋਮੀਟਰ ਲੰਬੀ ਸੜਕ ਹੈ, ਜਿਸਦੀ ਮੁਰੰਮਤ ਤੇ ਕਰੀਬ 14.71 ਲੱਖ ਰੁਪਏ ਲਾਗਤ ਆਵੇਗੀ। ਤੀਜੀ ਸੜਕ ਬੀਬੀਪੁਰ ਗੁਰਦੁਆਰਾ ਸਾਹਿਬ ਤੋਂ ਹਰਿਆਣਾ ਬਾਰਡਰ ਤੱਕ ਜਾਣ ਵਾਲੀ ਲਗਭਗ 2 ਕਿਲੋਮੀਟਰ ਲੰਬੀ ਸੜਕ ਹੈ, ਜਿਸਦੀ ਮੁਰੰਮਤ ਤੇ ਕਰੀਬ 51.54 ਲੱਖ ਰੁਪਏ ਖਰਚ ਹੋਣਗੇ। ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਜਸਪਾਲ ਸਿੰਘ ਬੀਬੀਪੁਰ , ਰਾਣਾ ਵਿਰਕ, ਮੇਵਾ ਰਾਮ ਸੱਸੀ ਬ੍ਰਾਹਮਣਾ, ਦੇਵੀ ਲਾਲ ਸਰਪੰਚ ਬੀਬੀਪੁਰ, ਜਰਨੈਲ ਸਿੰਘ ਸਰਪੰਚ ਕਮਾਲਪੁਰ, ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਸੁੱਚਾ ਰਾਮ, ਹਜਾਰੀ ਲਾਲ ਜੋਹਰੀ, ਡਾ. ਹਰਮੇਸ਼, ਅੰਗ੍ਰੇਜ ਭੁੱਲਰ, ਉਤਮਵੀਰ ਰੰਧਾਵਾ, ਹੁਸਨ ਪਾਲ, ਅਜਾਇਬ ਸਿੰਘ, ਅੰਗਰੇਜ ਸਿੰਘ, ਨਿਰਮਲ ਕੌਰ, ਸੋਨੀ, ਜੋਗਾ ਸਿੰਘ, ਗੁਰਪਿਆਰ ਸਿੰਘ ਰਾਮਨਗਰ, ਰੁਬਲ, ਪਾਲਾ ਰਾਮ ਆਦਿ ਹਾਜ਼ਰ ਸਨ।