ਕਰੋੜਾਂ ਦਾ ਬਜਟ, ਫਿਰ ਵੀ ਬਦਹਾਲ: ਪੀਜੀਆਈ ਸੈਟੇਲਾਈਟ ਸੈਂਟਰ ਦੀ ਢਿੱਲੀ ਚਾਲ
ਕਰੋੜਾਂ ਦਾ ਬਜਟ, ਫਿਰ ਵੀ ਬਦਹਾਲ: ਪੀਜੀਆਈ. ਸੈਟੇਲਾਈਟ ਸੈਂਟਰ ਦੀ ਢਿੱਲੀ ਚਾਲ
Publish Date: Sat, 28 Mar 2026 04:50 PM (IST)
Updated Date: Sun, 29 Mar 2026 04:06 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪ੍ਰਧਾਨ ਮੰਤਰੀ ਵੱਲੋਂ ਫਰਵਰੀ 2024 ਵਿੱਚ ਉਦਘਾਟਨ ਕੀਤੇ ਜਾਣ ਦੇ 2 ਸਾਲ ਬੀਤ ਜਾਣ ਦੇ ਬਾਵਜੂਦ ਸੰਗਰੂਰ ਦਾ 300 ਬਿਸਤਰਿਆਂ ਵਾਲਾ ਪੀਜੀਆਈ ਸੈਟੇਲਾਈਟ ਸੈਂਟਰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਸੰਗਰੂਰ ਦੇ ਐਡਵੋਕੇਟ ਤੇ ਆਰਟੀਆਈ ਕਾਰਕੁੰਨ ਕਮਲ ਆਨੰਦ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਮਾੜੀ ਹਾਲਤ ਨੂੰ ਜਨਤਕ ਕਰਦਿਆਂ ਕਈ ਖੁਲਾਸੇ ਕੀਤੇ ਹਨ। ਐਡਵੋਕੇਟ ਕਮਲ ਆਨੰਦ ਦੱਸਦੇ ਹਨ ਕਿ ਆਰਟੀਆਈ ਰਾਹੀਂ ਪ੍ਰਾਪਤ ਅੰਕੜਿਆਂ ਅਨੁਸਾਰ, ਸਾਲ 2025-26 ਲਈ ਇਸ ਕੇਂਦਰ ਵਾਸਤੇ 95.77 ਕਰੋੜ ਰੁਪਏ ਦਾ ਬਜਟ ਮਾਲੀਆ ਮੱਦ ਦੇ ਤਹਿਤ ਰਾਖਵਾਂ ਰੱਖਿਆ ਗਿਆ ਹੈ। ਕਰਮਚਾਰੀਆਂ ਦੀਆਂ ਤਨਖਾਹਾਂ ਲਈ ਸਭ ਤੋਂ ਵੱਧ 62.40 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪਰਿਚਾਲਨ ਖਰਚੇ ਕੁੱਲ 33.37 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿੱਚ ਆਊਟਸੋਰਸ ਸਟਾਫ ਲਈ 7.5 ਕਰੋੜ, ਸਰਜੀਕਲ ਗ੍ਰਾਂਟ ਲਈ 3.75 ਕਰੋੜ, ਦਵਾਈਆਂ ਅਤੇ ਡਰੈਸਿੰਗ ਲਈ 4.75 ਕਰੋੜ, ਅਤੇ ਕੈਮੀਕਲ ਗ੍ਰਾਂਟ ਲਈ 4.5 ਕਰੋੜ ਰੁਪਏ ਸ਼ਾਮਲ ਹਨ। ਪੂੰਜੀਗਤ ਜਾਇਦਾਦ ਨਿਰਮਾਣ ਕਾਰਜਾਂ ਲਈ 15 ਕਰੋੜ ਅਤੇ ਉਪਕਰਨਾਂ ਦੀ ਖਰੀਦ ਲਈ 10 ਕਰੋੜ ਰੁਪਏ ਦਾ ਪ੍ਰਬੰਧ ਹੈ। ਐਡਵੋਕੇਟ ਕਮਲ ਆਨੰਦ ਨੇ ਦੱਸਿਆ ਕਿ ਜਿੱਥੇ ਚੰਡੀਗੜ੍ਹ .ਪੀਜੀਆਈ. ਦਾ ਬਜਟ 2054.23 ਕਰੋੜ ਰੁਪਏ ਹੈ, ਉੱਥੇ ਸੰਗਰੂਰ ਸੈਂਟਰ ਨੂੰ ਸਿਰਫ 95.77 ਕਰੋੜ ਰੁਪਏ ਦੇ ਕਰੀਬ ਬਜਟ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੀਜੀਆਈ ਇਸ ਵੇਲੇ 105 ਫੀਸਦੀ ਬੈੱਡ ਸਮਰੱਥਾ ਨਾਲ ਚੱਲ ਰਿਹਾ ਹੈ। ਜੇਕਰ ਸੰਗਰੂਰ ਸੈਂਟਰ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਵੇ, ਤਾਂ ਮਾਲਵਾ ਖੇਤਰ ਅਤੇ ਹਰਿਆਣਾ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਚੰਡੀਗੜ੍ਹ ਤੇ ਬੋਝ ਘਟੇਗਾ। ਉਨਾਂ ਮੰਗ ਕੀਤੀ ਕਿ ਸੰਗਰੂਰ ਪੀਜੀਆਈ ਨੂੰ ਕੇਵਲ ਇੱਕ ਸੈਂਟਰ ਵਜੋਂ ਨਹੀਂ ਬਲਕਿ ਇੱਕ ਖੁਦਮੁਖਤਿਆਰ ਸੰਸਥਾ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਇਸ ਦਾ ਬਜਟ ਘੱਟੋ-ਘੱਟ 500 ਕਰੋੜ ਰੁਪਏ ਕੀਤਾ ਜਾਵੇ। ਬਾਕਸ-- ਜਤਿੰਦਰ ਕਾਲੜਾ ਨੇ ਕੇਂਦਰੀ ਸਿਹਤ ਮੰਤਰੀ ਨੂੰ ਲਿਖੀ ਚਿੱਠੀ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ, ਬਲੱਡ ਬੈਂਕ, ਟਰਾਮਾ ਸੈਂਟਰ,ਐੱਮਆਰਆਈ ਅਤੇ ਸੀਟੀ ਸਕੈਨ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਦੇਖਦੇ ਹੋਏ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਕਾਲੜਾ ਨੇ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਲੋਕਾਂ ਨੂੰ ਟੈਸਟਾਂ ਲਈ ਨਿੱਜੀ ਕੇਂਦਰਾਂ ਤੇ ਲੁੱਟ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖੁਦਮੁਖਤਿਆਰੀ: ਸੰਗਰੂਰ ਸੈਂਟਰ ਨੂੰ ਚੰਡੀਗੜ੍ਹ ਤੇ ਨਿਰਭਰ ਰੱਖਣ ਦੀ ਬਜਾਏ ਸੁਤੰਤਰ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਵੱਖਰਾ ਡਾਇਰੈਕਟਰ ਨਿਯੁਕਤ ਹੋਵੇ। ਸੰਗਰੂਰ ਪੀਜੀਆਈ ਦੇ ਵਿਕਾਸ ਲਈ ਸਾਲਾਨਾ ਬਜਟ ਵਧਾ ਕੇ ਘੱਟੋ-ਘੱਟ 500 ਕਰੋੜ ਰੁਪਏ ਕੀਤਾ ਜਾਵੇ। 24 ਘੰਟੇ ਐਮਰਜੈਂਸੀ ਸੇਵਾਵਾਂ, ਬਲੱਡ ਬੈਂਕ ਅਤੇ ਟਰਾਮਾ ਸੈਂਟਰ ਤੁਰੰਤ ਸ਼ੁਰੂ ਕੀਤਾ ਜਾਵੇ। ਮੈਡੀਕਲ ਕਾਲਜ ਦਾ ਨਿਰਮਾਣ ਕੀਤਾ ਜਾਵੇ।