ਖਨੌਰੀ ਦੇ ਕੈਥਲ ਰੋਡ ’ਤੇ ਡਰੇਨ ਦੀ ਟੁੱਟੀ ਰੇਲਿੰਗ ਹਾਦਸੇ ਨੂੰ ਦੇ ਰਹੀ ਸੱਦਾ ਖਨੌਰੀ ਦੇ ਕੈਥਲ ਰੋਡ ’ਤੇ ਡਰੇਨ ਦੀ ਟੁੱਟੀ ਰੇਲਿੰਗ ਹਾਦਸੇ ਨੂੰ ਦੇ ਰਹੀ ਸੱਦਾ
Publish Date: Wed, 30 Sep 2026 04:30 PM (IST)
Updated Date: Thu, 01 Oct 2026 04:01 AM (IST)
ਸਬੰਧਿਤ ਵਿਭਾਗ ਤੁਰੰਤ ਰੇਲਿੰਗ ਤੇ ਬੁਰਜੀਆਂ ਦੀ ਮੁਰੰਮਤ ਕਰਵਾਏ : ਪ੍ਰੋ. ਅਮਨਜੀਤ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਖਨੌਰੀ ਸ਼ਹਿਰ ਦੇ ਕੈਥਲ ਰੋਡ ’ਤੇ ਸਥਿਤ ਡਰੇਨ ਦੇ ਪੁਲ ਦੀ ਰੇਲਿੰਗ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਅਤੇ ਬੁਰਜੀਆਂ ਵੀ ਖਿਸਕ ਚੁੱਕੀਆਂ ਹਨ। ਪੁਲ ਦੀ ਮੌਜੂਦਾ ਹਾਲਤ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ ਅਤੇ ਇਹ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਅਧਿਕਾਰ ਫਰੰਟ ਦੇ ਜਿਲਾ ਸੰਗਰੂਰ - ਪਟਿਆਲਾ ਦੇ ਪ੍ਰਧਾਨ ਪ੍ਰੋ. ਅਮਨਜੀਤ ਸਿੰਘ ਦੀਪਾ ਨੇ ਦੱਸਿਆ ਕਿ ਡਰੇਨ ਦੇ ਪੁਲ ਦੀ ਟੁੱਟੀ ਹੋਈ ਰੇਲਿੰਗ ਅਤੇ ਖਿਸਕੀਆਂ ਹੋਈਆਂ ਬੁਰਜੀਆਂ ਵੱਲ ਸਬੰਧਿਤ ਵਿਭਾਗ ਦਾ ਧਿਆਨ ਪਹਿਲਾਂ ਵੀ ਲਿਖਤੀ ਰੂਪ ਵਿੱਚ ਦਿਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਹੁਣ ਤੱਕ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਥਲ ਰੋਡ ’ਤੇ ਆਵਾਜਾਈ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਪੁਲ ਦੀ ਰੇਲਿੰਗ ਦਾ ਟੁੱਟਿਆ ਹੋਣਾ ਖਾਸ ਕਰਕੇ ਰਾਤ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜੇਕਰ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਕਿਸੇ ਵਾਹਨ ਦੇ ਡਰੇਨ ਵਿੱਚ ਡਿੱਗਣ ਜਾਂ ਕਿਸੇ ਰਾਹਗੀਰ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪ੍ਰੋ. ਅਮਨਜੀਤ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਹੋਰ ਲਟਕਾਉਣ ਦੀ ਬਜਾਏ ਡਰੇਨ ਦੇ ਪੁਲ ਦੀ ਟੁੱਟੀ ਰੇਲਿੰਗ ਅਤੇ ਖਿਸਕੀਆਂ ਹੋਈਆਂ ਬੁਰਜੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਪੁਲ ਦੀ ਸੁਰੱਖਿਆ ਦਾ ਤਕਨੀਕੀ ਨਿਰੀਖਣ ਵੀ ਕਰਵਾਇਆ ਜਾਵੇ, ਤਾਂ ਜੋ ਕਿਸੇ ਸੰਭਾਵੀ ਹਾਦਸੇ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਜੁੜੇ ਅਜਿਹੇ ਮਾਮਲਿਆਂ ’ਚ ਵਿਭਾਗ ਨੂੰ ਕਿਸੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।