ਸਕੂਲੋਂ ਬੰਕ ਮਾਰ ਕੇ ਫਿਲਮ ਦੇਖਣ ਗਏ ਸਨ ਛੋਕਰੇ: ਘਰਦਿਆਂ ਦੇ ਡਰੋਂ 12ਵੀਂ ਦੇ ਵਿਦਿਆਰਥੀ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਪਾਣੀ 'ਚ ਰੁੜ੍ਹਿਆ; ਭਾਲ ਜਾਰੀ ਵੀਰਵਾਰ ਨੂੰ ਸਕੂਲ ਤੋਂ ਬੰਕ ਮਾਰ ਕੇ ਮੋਟਰਸਾਈਕਲ ’ਤੇ ਪਟਿਆਲਾ ਫਿਲਮ ਦੇਖਣ ਗਏ ਵਿਦਿਆਰਥੀਆਂ ’ਚੋਂ ਇਕ ਵਿਦਿਆਰਥੀ ਦੇ ਘਰ ਪਤਾ ਲੱਗਣ ’ਤੇ ਝਿੜਕਾ ਪੈਣ ਦੇ ਡਰ ਕਾਰਨ ਪਸਿਆਣਾ ਵਿਖੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਬਹਾਅ ਵਿਚ ਰੁੜ ਗਿਆ।
Publish Date: Sun, 06 Sep 2026 12:41 PM (IST)
Updated Date: Sun, 06 Sep 2026 12:44 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਵੀਰਵਾਰ ਨੂੰ ਸਕੂਲ ਤੋਂ ਬੰਕ ਮਾਰ ਕੇ ਮੋਟਰਸਾਈਕਲ ’ਤੇ ਪਟਿਆਲਾ ਫਿਲਮ ਦੇਖਣ ਗਏ ਵਿਦਿਆਰਥੀਆਂ ’ਚੋਂ ਇਕ ਵਿਦਿਆਰਥੀ ਦੇ ਘਰ ਪਤਾ ਲੱਗਣ ’ਤੇ ਝਿੜਕਾ ਪੈਣ ਦੇ ਡਰ ਕਾਰਨ ਪਸਿਆਣਾ ਵਿਖੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਬਹਾਅ ਵਿਚ ਰੁੜ ਗਿਆ।
ਪਤਾ ਲੱਗਣ ਤੇ ਪਰਿਵਾਰ ਤੇ ਪੁਲਿਸ ਉਸ ਦੀ ਭਾਖੜਾ ਨਹਿਰ ’ਚ ਭਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਬੰਮਣਾ ਦੇ ਇਕ ਨਿੱਜੀ ਸਕੂਲ ’ਚ ਪੜ੍ਹਾਈ ਕਰਦੇ ਤਿੰਨ ਵਿਦਿਆਰਥੀ ਹੁਸਨਦੀਪ (18) ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਸਹਿਜਪੁਰਾ, ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਭੇਡਪੁਰੀ ਤੇ ਕਮਲਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬੰਮਣਾ ਜੋ ਕਿ ਬਾਰ੍ਹਵੀ ਜਮਾਤ ਦੇ ਵਿਦਿਆਰਥੀ ਹਨ ਤੇ ਥੰਮਣਾ ਦੇ ਇਕ ਨਿਜੀ ਸਕੂਲ ’ਚ ਪੜ੍ਹਾਈ ਕਰਦੇ ਹਨ। ਬੀਤੇ ਕੱਲ ਸਕੂਲ ਤੋਂ ਛੁੱਟੀ ਮਾਰ ਕੇ ਫਿਲਮ ਦੇਖਣ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਿਆਲਾ ਚੱਲੇ ਗਏ। ਸਕੂਲ ਦੇ ਅਧਿਆਪਕਾ ਨੇ ਉਨ੍ਹਾਂ ਦੇ ਸਕੂਲ ਨਾ ਆਉਣ ਸਬੰਧੀ ਪਰਿਵਾਰ ਨੂੰ ਸੂਚਿਤ ਕੀਤਾ।
ਪਰਿਵਾਰ ਮੈਂਬਰ ਨੇ ਜਦੋਂ ਹੁਸਨਦੀਪ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਫਿਲਮ ਦੇਖਣ ਦੀ ਗੱਲ ਪਰਿਵਾਰ ਨੂੰ ਦੱਸੀ ਤੇ ਪਰਿਵਾਰ ਦੀਆਂ ਝਿੜਕਾਂ ਤੋਂ ਡਰਦਿਆਂ ਵਾਪਸ ਆਉਂਦੇ ਸਮੇਂ ਹੁਸਨਦੀਪ ਨੇ ਪਸਿਆਣਾ ਦੇ ਨੇੜੇ ਪਹੁੰਚਣ ਤੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਉਸ ਦੇ ਨਾਲ ਗਏ ਵਿਦਿਆਰਥੀਆਂ ਨੇ ਰੋਲਾ ਪਾਇਆ ਤੇ ਉਸ ਨੂੰ ਬਚਾਉਣ ਕਈ ਖੁਦ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਪਰ ਉਸ ਸਮੇਂ ਤੱਕ ਹੁਸਨਦੀਪ ਪਾਣੀ ਦੇ ਤੇਜ਼ ਬਹਾਅ ’ਚ ਰੁੜ੍ਹ ਚੁੱਕਾ ਸੀ। ਪਸਿਆਣਾ ਪੁਲਿਸ ਤੇ ਪਰਿਵਾਰਕ ਮੈਂਬਰ ਹੁਸਨਦੀਪ ਦੀ ਭਾਖੜਾ ਨਹਿਰ ’ਚ ਭਾਲ ਕਰ ਰਹੇ ਹਨ। ਪਸਿਆਣਾ ਥਾਣਾ ਮੁੱਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।