ਪ੍ਰਵਾਸੀ ਲੇਖਕ ਡਾ. ਪ੍ਰੇਮ ਮਾਨ ਨਾਲ ਰੂਬਰੂ ਸਮਾਗਮ ਪ੍ਰਤਿਮਾਨ ਸਾਹਿਤਕ ਮੰਚ ਵੱਲੋਂ ਪ੍ਰਵਾਸੀ ਲੇਖਕ ਡਾ. ਪ੍ਰੇਮ ਮਾਨ ਨਾਲ ਰੂਬਰੂ ਸਮਾਗਮ
Publish Date: Tue, 17 Nov 2026 04:48 PM (IST)
Updated Date: Tue, 17 Nov 2026 04:51 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪ੍ਰਤਿਮਾਨ ਸਾਹਿਤਕ ਮੰਚ ਪਟਿਆਲਾ ਵੱਲੋਂ ਪੰਜਾਬੀ ਦੇ ਉੱਘੇ ਪ੍ਰਵਾਸੀ ਲੇਖਕ ਡਾ. ਪ੍ਰੇਮ ਮਾਨ ਨਾਲ ਰੂਬਰੂ ਅਤੇ ਸਨਮਾਨ ਸਮਾਰੋਹ ਢਿੱਲੋਂ ਰੈਜ਼ੀਡੈਂਸੀ ਵਿਖੇ ਕਰਵਾਇਆ ਗਿਆ। ਇਸ ਮੌਕੇ ਡਾ. ਅਮਰਜੀਤ ਕੌਂਕੇ ਵੱਲੋਂ ਡਾ. ਪ੍ਰੇਮ ਮਾਨ ਦੀ ਪੁਸਤਕ ਅੱਜ ਧੁੱਪ ਨਿੱਘੀ ਨਹੀਂ ਦੇ ਹਿੰਦੀ ਅਨੁਵਾਦ ਆਜ ਧੂਪ ਗੁਨਗੁਨੀ ਨਹੀਂ ਨੂੰ ਰਿਲੀਜ਼ ਕੀਤਾ ਗਿਆ। ਸਮਾਗਮ ਦਾ ਸੰਚਾਲਨ ਡਾ. ਗੁਰਵਿੰਦਰ ਅਮਨ ਨੇ ਕੀਤਾ। ਪ੍ਰਤਿਮਾਨ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਪ੍ਰੇਮ ਮਾਨ ਦੀ ਸਾਹਿਤਕ ਯਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡਾ. ਪ੍ਰੇਮ ਮਾਨ ਲੰਬੇ ਸਮੇਂ ਤੋਂ ਕਵਿਤਾ, ਕਹਾਣੀ ਅਤੇ ਵਾਰਤਕ ਦੇ ਖੇਤਰ ’ਚ ਸਰਗਰਮ ਹਨ ਅਤੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪ੍ਰਵਾਸੀ ਜੀਵਨ ਦੀਆਂ ਸਮੱਸਿਆਵਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹੈ। ਇਸ ਮੌਕੇ ਸੰਗਰੂਰ ਤੋਂ ਪਹੁੰਚੇ ਲੇਖਕ ਤੇਜਾ ਸਿੰਘ ਤਿਲਕ, ਡਾ. ਪਸ਼ਵਿੰਦਰ ਕੌਰ, ਪੈਰਿਸ ਤੋਂ ਆਈ ਲੇਖਿਕਾ ਅੰਜੂ ਕੈਂਥ, ਡਾ. ਅਮਰਜੀਤ ਸਿੰਘ ਕਾਵਿ-ਸ਼ਾਸਤਰ, ਪਰਮਜੀਤ ਸਿੰਘ ਮਾਨ ਅਤੇ ਡਾ. ਰਵੀ ਦਿਤ ਨੇ ਡਾ. ਪ੍ਰੇਮ ਮਾਨ ਦੀਆਂ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਉੱਘੇ ਲੇਖਕ ਕਿਰਪਾਲ ਕਜ਼ਾਕ ਨੇ ਕਿਹਾ ਕਿ ਡਾ. ਪ੍ਰੇਮ ਮਾਨ ਦੀਆਂ ਕਹਾਣੀਆਂ ਵਿੱਚ ਵਿਸ਼ਿਆਂ ਦੀ ਬੇਬਾਕੀ ਦੇ ਨਾਲ ਭਾਸ਼ਾ ਦਾ ਸੰਜਮ ਵੀ ਨਜ਼ਰ ਆਉਂਦਾ ਹੈ। ਡਾ. ਨਰਿੰਦਰ ਸਿੰਘ ਕਪੂਰ ਨੇ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਲੇਖਕ ਦੀ ਸਿਰਜਣਾ ਹੀ ਉਸ ਦੀ ਜ਼ਿੰਦਗੀ ਨੂੰ ਲੰਮਾ ਕਰਦੀ ਹੈ। ਅੰਤ ’ਚ ਡਾ. ਅਮਰਜੀਤ ਕੌਂਕੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾ. ਪ੍ਰੇਮ ਮਾਨ ਨੂੰ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨੌਜਵਾਨ ਸ਼ਾਇਰ ਯੁਵੀ ਯੁਵਰਾਜ ਨੇ ਧੰਨਵਾਦ ਕੀਤਾ। ਸਮਾਗਮ ਵਿੱਚ ਹਰਪਾਲ ਸਿੰਘ ਪਾਲ, ਆਰ.ਪੀ. ਸਿੰਘ, ਗਗਨਦੀਪ, ਰਾਜਵਿੰਦਰ ਕੌਰ ਜਟਾਣਾ, ਨਿਰਮਲ ਸਿੰਘ ਸਮੇਤ ਸਾਹਿਤ ਪ੍ਰੇਮੀ ਮੌਜੂਦ ਸਨ।