- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਦਾ ਲੋਕ ਅਰਪਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਸਾਹਿਤ ਸਭਾ ਵੱਲੋਂ ਉਘੇ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਦਾ ਲੋਕ ਅਰਪਣ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ। ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਲਗਭਗ ਇਕ ਸਦੀ ਦੀ ਆਪਣੀ ਮੁੱਲਵਾਨ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੋਈ ਮਾਤ—ਭਾਸ਼ਾ ਦੇ ਖ਼ਜਾਨੇ ਨੂੰ ਅਨਮੋਲ ਸਾਹਿਤਕ ਹੀਰਿਆਂ ਨਾਲ ਅਮੀਰ ਬਣਾ ਰਹੀ ਹੈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ ਚੇਅਰਮੈਨ ਡਾ. ਯੋਗ ਰਾਜ ਨੇ ਗੁਰਬਾਜ਼ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਦੀ ਪੱਖਾਂ ਤੋਂ ਗੰਭੀਰ ਚਰਚਾ ਨੂੰ ਛੋਹਿਆ ਤੇ ਕਿਹਾ ਕਿ ਲੇਖਕ ਦਾ ਸਮਾਜ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਪੁਸਤਕ ਬਾਰੇ ਡੂੰਘੀ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਅਜਿਹੀ ਪੁਸਤਕ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਅਤੇ ਵਿਰਾਸਤ ਬਾਰੇ ਸਮਾਜ ਅੱਗੇ ਗੰਭੀਰ ਸੁਆਲ ਛੱਡਦੀ ਹੈ। ਪੁਸਤਕ ਬਾਰੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਤੋਂ ਇਲਾਵਾ ਸੀਨੀਅਰ ਲੇਖਕ ਡਾ. ਜੀ.ਐਸ.ਆਨੰਦ,ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ,ਸਮਰਜੀਤ ਸਿੰਘ ਮਾਨ ਸਿਰਸਾ ਅਤੇ ਗੁਰਪ੍ਰੀਤ ਸਿੰਘ ਸਿੱਧੂ ਸਿਰਸਾ ਨੇ ਪੁਸਤਕ—ਚਰਚਾ ਵਿਚ ਭਾਗ ਲਿਆ।