ਨਹਿਰ ਚੋਂ ਮਿਲੀ ਲਾਸ਼ ਦੀ ਹੋਈ ਪਛਾਣ, ਪ੍ਰੇਮੀ ’ਤੇ ਲੱਗਿਆ ਕਤਲ ਦਾ ਗੰਭੀਰ ਦੋਸ਼; ਪਰਿਵਾਰ ਨੇ ਮੰਗਿਆ ਇਨਸਾਫ਼
ਰਣਦੀਪ ਕੌਰ ਆਪਣੇ ਪਤੀ ਮਨੀਸ਼ ਕੁਮਾਰ ਤੋਂ ਤਲਾਕ ਲਏ ਬਿਨਾਂ ਅਜੇ ਕੁਮਾਰ ਨਾਲ ਰਹਿ ਰਹੀ ਸੀ। ਇਸ ਦੌਰਾਨ ਦੋਵਾਂ ਦੇ ਘਰ ਦੋ ਲੜਕੀਆਂ ਵੀ ਹੋਈਆਂ। ਸ਼ਿਕਾਇਤਕਰਤਾ ਅਨੁਸਾਰ ਕੁਝ ਸਮਾਂ ਪਹਿਲਾਂ ਅਜੇ ਕੁਮਾਰ ਵੱਲੋਂ ਰਣਦੀਪ ਕੌਰ ਦੀ ਕਥਿਤ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਹ ਆਪਣੀ ਪੋਤੀ ਨੂੰ ਆਪਣੇ ਘਰ ਲੈ ਆਈ ਸੀ।
Publish Date: Sun, 20 Sep 2026 04:42 PM (IST)
Updated Date: Sun, 20 Sep 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ। ਪਾਤੜਾਂ ਥਾਣਾ ਖੇਤਰ ਨਾਲ ਸਬੰਧਤ 23 ਸਾਲਾ ਰਣਦੀਪ ਕੌਰ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਉਸ ਦੇ ਪ੍ਰੇਮੀ ਅਜੇ ਕੁਮਾਰ ’ਤੇ ਕਥਿਤ ਤੌਰ ’ਤੇ ਸਾਜ਼ਿਸ਼ ਤਹਿਤ ਉਸ ਨੂੰ ਨਹਿਰ ’ਚ ਸੁੱਟ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਲਗਾਏ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਮਨਜੀਤ ਕੌਰ ਵਾਸੀ ਬੰਨਵਾਲਾ ਰੋਡ ਕਲੋਨੀ, ਨਿਆਲ ਨੇ ਦੱਸਿਆ ਕਿ ਉਸ ਦੀ ਪੋਤੀ ਰਣਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਦੇ ਸਾਲ 2023 ਤੋਂ ਅਜੇ ਕੁਮਾਰ ਵਾਸੀ ਸ਼ੁਤਰਾਣਾ ਨਾਲ ਪ੍ਰੇਮ ਸਬੰਧ ਸਨ।
ਰਣਦੀਪ ਕੌਰ ਆਪਣੇ ਪਤੀ ਮਨੀਸ਼ ਕੁਮਾਰ ਤੋਂ ਤਲਾਕ ਲਏ ਬਿਨਾਂ ਅਜੇ ਕੁਮਾਰ ਨਾਲ ਰਹਿ ਰਹੀ ਸੀ। ਇਸ ਦੌਰਾਨ ਦੋਵਾਂ ਦੇ ਘਰ ਦੋ ਲੜਕੀਆਂ ਵੀ ਹੋਈਆਂ। ਸ਼ਿਕਾਇਤਕਰਤਾ ਅਨੁਸਾਰ ਕੁਝ ਸਮਾਂ ਪਹਿਲਾਂ ਅਜੇ ਕੁਮਾਰ ਵੱਲੋਂ ਰਣਦੀਪ ਕੌਰ ਦੀ ਕਥਿਤ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਹ ਆਪਣੀ ਪੋਤੀ ਨੂੰ ਆਪਣੇ ਘਰ ਲੈ ਆਈ ਸੀ।
7 ਸਤੰਬਰ ਨੂੰ ਸਵੇਰੇ ਕਰੀਬ 7 ਤੋਂ 8 ਵਜੇ ਦੇ ਵਿਚਕਾਰ ਅਜੇ ਕੁਮਾਰ ਰਣਦੀਪ ਕੌਰ ਦੀ ਮਨਾਹੀ ਦੇ ਬਾਵਜੂਦ ਉਸ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਦੋਵਾਂ ਦੇ ਮੋਬਾਈਲ ਫੋਨ ਬੰਦ ਆਉਣ ਲੱਗੇ। ਸ਼ਿਕਾਇਤਕਰਤਾ ਵੱਲੋਂ ਅਜੇ ਕੁਮਾਰ ਦੇ ਘਰ ਜਾ ਕੇ ਪੁੱਛਗਿੱਛ ਕਰਨ ’ਤੇ ਵੀ ਉਸ ਦੇ ਮਾਤਾ-ਪਿਤਾ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।
ਪਰਿਵਾਰ ਵੱਲੋਂ ਰਣਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਸੀ। 19 ਸਤੰਬਰ ਨੂੰ ਜਦੋਂ ਸ਼ਿਕਾਇਤਕਰਤਾ ਥਾਣਾ ਸਦਰ ਟੋਹਾਣਾ, ਜ਼ਿਲ੍ਹਾ ਫਤਿਆਬਾਦ (ਹਰਿਆਣਾ) ਪੁੱਜੀ ਤਾਂ ਉਥੇ ਪੁਲਿਸ ਨੇ ਦੱਸਿਆ ਕਿ 8 ਸਤੰਬਰ ਨੂੰ ਸਵੇਰੇ ਕਰੀਬ 8 ਵਜੇ ਪਿੰਡ ਲਲੌਦਾ ਨੇੜੇ ਭਾਖੜਾ ਨਹਿਰ ’ਚੋਂ ਇੱਕ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਸੀ।
ਪਛਾਣ ਨਾ ਹੋਣ ਕਾਰਨ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਉਪਰੰਤ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਦਿਖਾਈ ਗਈ ਮ੍ਰਿਤਕ ਲੜਕੀ ਦੀ ਤਸਵੀਰ ਦੇਖ ਕੇ ਪਰਿਵਾਰ ਨੇ ਉਸ ਦੀ ਪਛਾਣ ਰਣਦੀਪ ਕੌਰ ਵਜੋਂ ਕੀਤੀ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਅਜੇ ਕੁਮਾਰ ਰਣਦੀਪ ਕੌਰ ਨੂੰ ਕਥਿਤ ਤੌਰ ’ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਆਪਣੇ ਨਾਲ ਲੈ ਗਿਆ ਤੇ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤ ’ਚ ਲਗਾਏ ਦੋਸ਼ਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।