ਬੀਐੱਲਓਜ਼ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ, ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਬੀਐਲਓਜ਼ ਨੇ ਡੀਸੀ ਦਫ਼ਤਰ ਦਾ ਕੀਤਾ ਘਿਰਾਓ, ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
Publish Date: Mon, 27 Jul 2026 06:07 PM (IST)
Updated Date: Tue, 28 Jul 2026 04:04 AM (IST)
ਅਧਿਆਪਕ ਦੇ ਅਪਮਾਨ ਦੇ ਦੋਸ਼ ਤੇ ਜਨਤਕ ਮੁਆਫ਼ੀ ਦੀ ਮੰਗ, ਐੱਸਆਈਆਰ ਦਾ ਕੰਮ ਵੀ ਕੀਤਾ ਬੰਦ ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿਛਲੇ ਦਿਨੀਂ ਅਹਿਮਦਗੜ੍ਹ ਦੇ 12 ਨੰਬਰ ਬੂਥ ਦੇ ਬੀਐੱਲਓ ਨਾਲ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਕਥਿਤ ਤੌਰ ’ਤੇ ਦੁਰਵਿਵਹਾਰ ਕੀਤੇ ਜਾਣ ਦੇ ਮਾਮਲੇ ’ਚ ਸੋਸ਼ਲ ਮੀਡੀਆ ’ਤੇ ਪਾਈ ਵੀਡੀਓਜ਼ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਇਸ ਦੇ ਵਿਰੋਧ ਵਿੱਚ ਜ਼ਿਲ੍ਹੇ ਦੇ ਬੀਐੱਲਓਜ਼ ਨੇ ਡੀਟੀਐੱਫ ਦੇ ਸੂਬਾ ਪ੍ਰਧਾਨ ਬਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ। ਜਦਕਿ ਡੀਸੀ ਦੇ ਘਟੀਏ ਰਵੱਏ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮਾਮਲੇ ਨੂੰ ਸੁਲਝਾਉਣ ਲਈ ਪ੍ਰਸ਼ਾਸਨ ਤੇ ਜਥੇਬੰਦੀ ਦੇ ਆਗੂਆਂ ਵਿਚਕਾਰ ਕਾਫ਼ੀ ਸਮੇਂ ਤੱਕ ਬੰਦ ਕਮਰੇ ’ਚ ਮੀਟਿੰਗ ਚੱਲੀ, ਪਰ ਕੋਈ ਸਹਿਮਤੀ ਨਾ ਬਣ ਸਕੀ। ਇਸ ਤੋਂ ਬਾਅਦ ਬੀਐੱਲਓਜ਼ ਨੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਫ਼ੈਸਲਾ ਕਰ ਲਿਆ। ਡੀਟੀਐੱਫ ਦੇ ਸਟੇਟ ਪ੍ਰਧਾਨ ਬਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ, ਪ੍ਰਧਾਨ ਰੋਵਨ ਸ਼ਰਮਾ ਕੰਪਿਊਟਰ ਟੀਚਰ ਯੂਨੀਅਨ, ਗੁਰਜੰਟ ਸਿੰਘ ਲਾਂਗੜੀਆਂ ਨੇ ਕਿਹਾ ਕਿ ਇੱਕ ਅਧਿਆਪਕ ਦਾ ਅਹੁਦਾ ਸਨਮਾਨਯੋਗ ਹੁੰਦਾ ਹੈ ਅਤੇ ਉਸ ਨੂੰ ਦਫ਼ਤਰ ਵਿੱਚ ਬੁਲਾ ਕੇ ਬੇਇੱਜ਼ਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਵੀ ਡਿਪਟੀ ਕਮਿਸ਼ਨਰ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਇਹ ਕਿਹਾ ਕਿ ਉਨ੍ਹਾਂ ਸਿਰਫ਼ ਸੰਬੰਧਤ ਬੀਐਲਓ ਨੂੰ ਡਾਂਟਿਆ ਅਤੇ ਪਿੱਛੇ ਖੜ੍ਹਾ ਕੀਤਾ ਸੀ, ਗਾਲੀ-ਗਲੌਚ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਹੁਣ ਇਹ ਮਾਮਲਾ ਇੱਕ ਵਿਅਕਤੀ ਦਾ ਨਹੀਂ, ਸਗੋਂ ਸਮੁੱਚੇ ਅਧਿਆਪਕ ਵਰਗ ਦੇ ਮਾਣ-ਸਨਮਾਨ ਨਾਲ ਜੁੜ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਡਿਪਟੀ ਕਮਿਸ਼ਨਰ ਜਨਤਕ ਤੌਰ ਤੇ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਸਮੂਹ ਬੀਐੱਲਓਜ਼ ਨੂੰ ਐਸਆਈਆਰ (ਵੋਟਰ ਸੁਧਾਈ) ਦਾ ਕੰਮ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਅਤੇ ਭਾਜਪਾ ਆਗੂ ਹੀਰਾ ਸਿੰਘ ਨੇ ਵੀ ਧਰਨੇ ਵਿੱਚ ਪਹੁੰਚ ਕੇ ਬੀਐਲਓਜ਼ ਦੇ ਸੰਘਰਸ਼ ਦਾ ਸਮਰਥਨ ਕੀਤਾ।