ਗੁੱਗਾ ਮਾੜੀ ਜਾਗਰਣ ਦੌਰਾਨ ਖ਼ੂਨੀ ਝੜਪ : ਨੌਜਵਾਨ ਦੀ ਪਿੱਠ 'ਚ ਮਾਰਿਆ ਚਾਕੂ, ਹਸਪਤਾਲ 'ਚ ਜ਼ੇਰ-ਏ-ਇਲਾਜ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਨੇੜੇ ਗੁੱਗਾ ਮਾੜੀ ਵਿਖੇ ਚੱਲ ਰਹੇ ਸਮਾਗਮ ਦੌਰਾਨ ਸ਼ੁੱਕਰਵਾਰ ਰਾਤ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਨੌਜਵਾਨ ਦੀ ਪਿੱਠ 'ਤੇ ਚਾਕੂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
Publish Date: Sat, 05 Sep 2026 12:48 PM (IST)
Updated Date: Sat, 05 Sep 2026 12:49 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ੍ਰੀ ਕਾਲੀ ਦੇਵੀ ਮਾਤਾ ਮੰਦਰ ਨੇੜੇ ਗੁੱਗਾ ਮਾੜੀ ਵਿਖੇ ਚੱਲ ਰਹੇ ਸਮਾਗਮ ਦੌਰਾਨ ਸ਼ੁੱਕਰਵਾਰ ਰਾਤ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਨੌਜਵਾਨ ਦੀ ਪਿੱਠ 'ਤੇ ਚਾਕੂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਗੁੱਗਾ ਮਾੜੀ ਵਿਖੇ ਚੱਲ ਰਹੇ ਸਮਾਗਮ ਵਿੱਚ ਮੌਜੂਦ ਸੀ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਉੱਥੇ ਮੌਜੂਦ ਕੁਝ ਨੌਜਵਾਨਾਂ ਨਾਲ ਉਸ ਦੀ ਮਾਮੂਲੀ ਬਹਿਸ ਹੋ ਗਈ। ਵੇਖਦਿਆਂ ਹੀ ਵੇਖਦਿਆਂ ਵਿਵਾਦ ਵੱਧ ਗਿਆ ਅਤੇ ਇੱਕ ਨੌਜਵਾਨ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਨੌਜਵਾਨ ਅਨੁਸਾਰ ਹਮਲਾਵਰ ਨੇ ਉਸ ਦੀ ਪਿੱਠ 'ਤੇ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਕੇ ਡਿੱਗ ਪਿਆ।
ਘਟਨਾ ਤੋਂ ਬਾਅਦ ਸਮਾਗਮ ਵਿੱਚ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਸੰਭਾਲਿਆ ਅਤੇ ਇਲਾਜ ਲਈ ਰਜਿੰਦਰਾ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹਮਲੇ ਦੇ ਕਾਰਨਾਂ ਅਤੇ ਦੋਸ਼ੀ ਦੀ ਪਛਾਣ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।